Skip to main content

ਹੌਏ ਸਾਊਂਡ ਅਤੇ ਸਨਸ਼ਾਈਨ ਕੋਸਟ ਲਈ ਵੀ ਸੀ ਐੱਚ ਵਲੋਂ ਗਰਮੀ ਦੀ ਵਾਰਨਿੰਗ ਬਾਰੇ ਸਲਾਹ

29 ਅਗਸਤ, 2022

English | 繁體中文 简体中文 Español 한국어 | Tiếng Việt | فارسی | ਪੰਜਾਬੀ

ਹੌਏ ਸਾਊਂਡ, ਬੀ.ਸੀ. - ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਨੇ ਮੰਗਲਵਾਰ 30 ਅਗਸਤ ਤੋਂ ਲੈ ਕੇ ਬੁੱਧਵਾਰ 31 ਅਗਸਤ ਤੱਕ, ਵੈਨਕੂਵਰ ਕੋਸਟਲ ਹੈਲਥ (ਵੀ ਸੀ ਐੱਚ) ਰੀਜਨ ਵਿਚਲੇ ਇਨ੍ਹਾਂ ਇਲਾਕਿਆਂ ਲਈ ਗਰਮੀ ਦੀ ਵਾਰਨਿੰਗ ਜਾਰੀ ਕੀਤੀ ਹੈ:

  • ਹੌਏ ਸਾਊਂਡ, ਸਮੇਤ ਬੋਵਨ ਆਈਲੈਂਡ, ਲਾਇਨਜ਼ ਬੇਅ ਤੋਂ ਬ੍ਰਿਟੇਨੀਆ ਬੀਚ ਅਤੇ ਸੁਕਾਮਿਸ਼ ਦੇ;

  • ਸਨਸ਼ਾਈਨ ਕੋਸਟ, ਸਮੇਤ ਗਿਬਸਨਜ਼ ਤੋਂ ਲੈ ਕੇ ਅਰਲਜ਼ ਕੋਵ ਤੱਕ ਅਤੇ ਸਾਲਟਰੀ ਬੇਅ ਤੋਂ ਪੌਵਲ ਰਿਵਰ ਤੱਕ। 

ਇਨ੍ਹਾਂ ਇਲਾਕਿਆਂ ਵਿਚ, ਮੰਗਲਵਾਰ, 30 ਅਗਸਤ ਤੋਂ ਬੁੱਧਵਾਰ, 31 ਅਗਸਤ ਤੱਕ ਦਿਨ ਦੇ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਦੇ ਨੇੜੇ ਜਾਂ ਇਸ ਤੋਂ ਉੱਪਰ ਅਤੇ ਤੜਕੇ ਦੇ ਘੱਟ ਤੋਂ ਘੱਟ ਤਾਪਮਾਨ 16 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਕਿਰਪਾ ਕਰਕੇ ਇਹ ਗੱਲ ਨੋਟ ਕਰੋ ਕਿ ਇਨ੍ਹਾਂ ਇਲਾਕਿਆਂ ਵਿਚਲੇ ਤਾਪਮਾਨ ਬਹੁਤ ਵੱਖ ਵੱਖ ਹੋ ਸਕਦੇ ਹਨ। ਇਸ ਗਰਮੀ ਨੂੰ, ਬਹੁਤ ਜ਼ਿਆਦਾ ਗਰਮੀ ਕਾਰਨ ਐਮਰਜੰਸੀ ਦੇ ਮਾਪਦੰਡ ਪੂਰੇ ਕਰਨ ਵਾਲੀ ਨਹੀਂ ਸਮਝਿਆ ਗਿਆ ਹੈ। ਤਾਪਮਾਨਾਂ ਦੇ ਵਧਣ ਨਾਲ, ਗਰਮੀ ਨਾਲ ਸੰਬੰਧਿਤ ਬੀਮਾਰੀ ਲੱਗਣ ਦਾ ਖਤਰਾ ਵਧ ਜਾਂਦਾ ਹੈ। 

ਬੀ ਸੀ ਸੈਂਟਰ ਔਫ ਡਿਜ਼ੀਜ਼ ਕੰਟਰੋਲ ਆਪਣੀ ਵੈੱਬਸਾਈਟ `ਤੇ ਗਰਮੀ ਨਾਲ ਸੰਬੰਧਿਤ ਵੱਡੇ ਪੱਧਰ `ਤੇ ਸਲਾਹ ਦਿੰਦਾ ਹੈ, ਜਿਸ ਵਿਚ ਗਰਮੀ ਬਾਰੇ ਚਿਤਾਵਨੀ ਦੀਆਂ ਵੱਖ ਵੱਖ ਕਿਸਮਾਂ ਬਾਰੇ ਜਾਣਕਾਰੀ, ਗਰਮ ਤਾਪਮਾਨ ਲਈ ਤਿਆਰ ਕਿਵੇਂ ਹੋਣਾ ਹੈ, ਗਰਮੀ ਨਾਲ ਸੰਬੰਧਿਤ ਬੀਮਾਰੀਆਂ ਦੀਆਂ ਨਿਸ਼ਾਨੀਆਂ, ਗਰਮ ਮੌਸਮ ਦੌਰਾਨ ਕਿਨ੍ਹਾਂ ਨੂੰ ਜ਼ਿਆਦਾ ਖਤਰਾ ਹੈ, ਅਤੇ ਠੰਢੇ ਰਹਿਣ ਦੇ ਤਰੀਕਿਆਂ ਬਾਰੇ ਜਾਣਕਾਰੀ ਸ਼ਾਮਲ ਹੈ। ਸਾਡੇ ਇਲਾਕੇ ਲਈ ਗਰਮੀ ਤੋਂ ਸੇਫਟੀ ਦੀ ਖਾਸ ਜਾਣਕਾਰੀ ਲੈਣ ਲਈ ਕਿਰਪਾ ਕਰਕੇ vch.ca/heat `ਤੇ ਜਾਉ।

ਗਰਮ ਮੌਸਮ ਲਈ ਤਿਆਰ ਹੋਣਾ ਅਤੇ ਕਦਮ ਚੁੱਕਣਾ

  • ਜੇ ਤੁਹਾਡੇ ਕੋਲ ਘਰ ਵਿਚ ਏਅਰ ਕੰਡੀਸ਼ਨਿੰਗ ਹੈ ਤਾਂ ਇਹ ਪੱਕਾ ਕਰੋ ਕਿ ਇਹ ਕੰਮ ਕਰਨ ਦੀ ਚੰਗੀ ਹਾਲਤ ਵਿਚ ਹੈ।

  • ਜੇ ਤੁਹਾਡੇ ਕੋਲ ਘਰ ਵਿਚ ਏਅਰ ਕੰਡੀਸ਼ਨਿੰਗ ਨਹੀਂ ਹੈ:

    • ਕੋਈ ਅਜਿਹੀ ਥਾਂ ਲੱਭੋ ਜਿੱਥੇ ਤੁਸੀਂ ਗਰਮ ਦਿਨਾਂ ਨੂੰ ਠੰਢੇ ਹੋ ਸਕੋ। ਆਪਣੇ ਇਲਾਕੇ ਵਿਚ ਅੰਦਰਲੀਆਂ ਥਾਂਵਾਂ `ਤੇ ਸਮਾਂ ਬਿਤਾਉਣ ਬਾਰੇ ਵਿਚਾਰ ਕਰੋ ਜਿਵੇਂ ਕਿ ਲਾਇਬਰੇਰੀਆਂ, ਕਮਿਊਨਟੀ ਸੈਂਟਰ, ਮੂਵੀ ਥੀਏਟਰ ਜਾਂ ਮਾਲ। ਇਸ ਦੇ ਨਾਲ ਹੀ, ਅੰਦਰਲੇ ਤਾਪਮਾਨ ਕਿਉਂਕਿ ਬਾਹਰ ਨਾਲੋਂ ਗਰਮ ਹੋ ਸਕਦੇ ਹਨ, ਬਹੁਤ ਸਾਰੀ ਛਾਂ ਅਤੇ ਚੱਲਦੇ ਪਾਣੀ ਨਾਲ ਬਾਹਰਲੀਆਂ ਥਾਂਵਾਂ `ਤੇ ਵਿਚਾਰ ਕਰੋ।

    • ਧੁੱਪ ਨੂੰ ਰੋਕਣ ਲਈ ਅਤੇ ਬਾਹਰਲੀ ਗਰਮ ਹਵਾ ਅੰਦਰ ਆਉਣ ਤੋਂ ਰੋਕਥਾਮ ਕਰਨ ਲਈ ਦਿਨ ਦੀ ਗਰਮੀ ਦੌਰਾਨ ਖਿੜਕੀਆਂ, ਪਰਦੇ ਅਤੇ ਬਲਾਈਂਡ ਬੰਦ ਕਰੋ। ਬਾਹਰਲੀ ਠੰਢੀ ਹਵਾ ਅੰਦਰ ਆਉਣ ਦੇਣ ਲਈ ਦਰਵਾਜ਼ੇ ਅਤੇ ਖਿੜਕੀਆਂ ਉਦੋਂ ਖੋਲ੍ਹੋ ਜਦੋਂ ਬਾਹਰ ਠੰਢਾ ਹੁੰਦਾ ਹੈ।

    • ਇਹ ਪੱਕਾ ਕਰੋ ਕਿ ਤੁਹਾਡਾ ਪੱਖਾ ਕੰਮ ਕਰਦਾ ਹੈ, ਪਰ ਠੰਢੇ ਹੋਣ ਦੇ ਆਪਣੇ ਮੁਢਲੇ ਸਾਧਨ ਵਜੋਂ ਪੱਖਿਆਂ `ਤੇ ਨਿਰਭਰ ਨਾ ਕਰੋ। ਪੱਖਿਆਂ ਦੀ ਵਰਤੋਂ ਲੇਟ ਸ਼ਾਮ, ਰਾਤ ਅਤੇ ਤੜਕੇ ਦੀ ਠੰਢੀ ਹਵਾ ਅੰਦਰ ਖਿੱਚਣ ਲਈ ਕੀਤੀ ਜਾ ਸਕਦੀ ਹੈ।

    • ਥਰਮੋਸਟੈਟ ਜਾਂ ਥਰਮਾਮੀਟਰ ਦੀ ਵਰਤੋਂ ਕਰਦੇ ਹੋਏ ਆਪਣੇ ਘਰ ਅੰਦਰਲੇ ਤਾਪਮਾਨਾਂ ਦਾ ਪਤਾ ਲਾਉ। 31 ਸੀ ਤੋਂ ਜ਼ਿਆਦਾ ਲਗਾਤਾਰ ਤਾਪਮਾਨ ਉਨ੍ਹਾਂ ਲੋਕਾਂ ਲਈ ਖਤਰਨਾਕ ਹੋ ਸਕਦਾ ਹੈ ਜਿਨ੍ਹਾਂ `ਤੇ ਗਰਮੀ ਦਾ ਅਸਰ ਹੋ ਸਕਦਾ ਹੈ।

    • ਜੇ ਤੁਹਾਡਾ ਘਰ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਹੈ ਤਾਂ ਜੇ ਸੰਭਵ ਹੋਵੇ ਤਾਂ ਕਿਸੇ ਅਜਿਹੇ ਦੋਸਤ ਜਾਂ ਰਿਸ਼ਤੇਦਾਰ ਨਾਲ ਰਹਿਣ ਬਾਰੇ ਵਿਚਾਰ ਕਰੋ ਜਿਸ ਕੋਲ ਏਅਰ ਕੰਡੀਸ਼ਨਿੰਗ ਹੈ।

  • ਉਨ੍ਹਾਂ ਲੋਕਾਂ ਦੀ ਪਛਾਣ ਕਰੋ ਜਿਨ੍ਹਾਂ ਨੂੰ ਗਰਮੀ ਨਾਲ ਸੰਬੰਧਿਤ ਬੀਮਾਰੀ ਹੋਣ ਦਾ ਜ਼ਿਆਦਾ ਖਤਰਾ ਹੈ। ਜੇ ਸੰਭਵ ਹੋਵੇ, ਗਰਮੀ ਲਈ ਤਿਆਰ ਹੋਣ ਵਿਚ ਉਨ੍ਹਾਂ ਦੀ ਮਦਦ ਕਰੋ ਅਤੇ ਉਨ੍ਹਾਂ ਨੂੰ ਚੈੱਕ ਕਰਦੇ ਰਹਿਣ ਦੀ ਪਲੈਨ ਬਣਾਉ। 

ਸਭ ਤੋਂ ਜ਼ਿਆਦਾ ਖਤਰਾ ਕਿਸ ਨੂੰ ਹੈ?

ਗਰਮ ਮੌਸਮ ਦੌਰਾਨ ਆਪਣਾ, ਪਰਿਵਾਰ ਦੇ ਮੈਂਬਰਾਂ, ਗੁਆਂਢੀਆਂ ਅਤੇ ਦੋਸਤਾਂ ਦਾ ਖਿਆਲ ਰੱਖਣਾ ਮਹੱਤਵਪੂਰਨ ਹੈ। ਉਨ੍ਹਾਂ ਨੂੰ ਚੈੱਕ ਕਰਨ ਦਾ ਸਿਸਟਮ ਤਿਆਰ ਕਰਨ ਬਾਰੇ ਵਿਚਾਰ ਕਰੋ ਜਿਨ੍ਹਾਂ ਨੂੰ ਗਰਮੀ ਨਾਲ ਸੰਬੰਧਿਤ ਬੀਮਾਰੀ ਦਾ ਜ਼ਿਆਦਾ ਖਤਰਾ ਹੈ। 

ਹਰ ਇਕ ਨੂੰ ਗਰਮੀ ਨਾਲ ਸੰਬੰਧਿਤ ਬੀਮਾਰੀ ਦਾ ਖਤਰਾ ਹੈ, ਪਰ ਗਰਮ ਤਾਪਮਾਨ ਇਨ੍ਹਾਂ ਲੋਕਾਂ ਲਈ ਖਾਸ ਤੌਰ `ਤੇ ਹਾਨੀਕਾਰਕ ਹੋ ਸਕਦੇ ਹਨ:

  • 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ

  • ਜਿਹੜੇ ਲੋਕ ਇਕੱਲੇ ਰਹਿੰਦੇ ਹਨ

  • ਮਾਨਸਿਕ ਬੀਮਾਰੀਆਂ ਵਾਲੇ ਲੋਕ ਜਿਵੇਂ ਕਿ ਸਕਿਜ਼ੋਫਰੀਨੀਆ, ਡਿਪਰੈਸ਼ਨ ਜਾਂ ਚਿੰਤਾ ਰੋਗ

  • ਜਿਨ੍ਹਾਂ ਲੋਕਾਂ ਨੂੰ ਬੀਮਾਰੀਆਂ ਹਨ ਜਿਵੇਂ ਕਿ ਸ਼ੂਗਰ ਦੀ ਬੀਮਾਰੀ, ਦਿਲ ਦੀ ਬੀਮਾਰੀ ਜਾਂ ਸਾਹ ਦੀ ਬੀਮਾਰੀ

  • ਨਸ਼ਿਆਂ ਦੀ ਵਰਤੋਂ ਕਰਨ ਵਾਲੇ ਲੋਕ

  • ਸੀਮਤ ਹਿਲਜੁੱਲ ਅਤੇ ਹੋਰ ਡਿਸਏਬਿਲਟੀਜ਼ ਵਾਲੇ ਲੋਕ

  • ਮਾੜੀ ਰਿਹਾਇਸ਼ ਵਾਲੇ (ਬੇਘਰੇ) ਲੋਕ

  • ਜਿਹੜੇ ਲੋਕ ਗਰਮ ਮਾਹੌਲਾਂ ਵਿਚ ਕੰਮ ਕਰਦੇ ਹਨ

  • ਗਰਭਵਤੀ ਔਰਤਾਂ

  • ਬਾਲ ਅਤੇ ਛੋਟੇ ਬੱਚੇ 

ਤੁਹਾਡੀ ਸਿਹਤ:

  • ਸਰੀਰ ਵਿਚ ਪਾਣੀ ਪੂਰਾ ਰੱਖਣ ਲਈ ਬਹੁਤ ਸਾਰਾ ਪਾਣੀ ਅਤੇ ਹੋਰ ਤਰਲ ਪੀਉ, ਭਾਵੇਂ ਤੁਹਾਨੂੰ ਪਿਆਸ ਨਾ ਵੀ ਲੱਗੀ ਹੋਵੇ।

  • ਠੰਢੇ ਹੋਣ ਲਈ ਆਪਣੇ ਸਰੀਰ `ਤੇ ਪਾਣੀ ਛਿੜਕੋ, ਗਿੱਲੀ ਕਮੀਜ਼ ਪਾਉ, ਠੰਢਾ ਸ਼ਾਵਰ ਲਵੋ ਜਾਂ ਠੰਢੇ ਪਾਣੀ ਨਾਲ ਨਹਾਉ ਜਾਂ ਆਪਣੇ ਸਰੀਰ ਦਾ ਕੁਝ ਹਿੱਸਾ ਪਾਣੀ ਵਿਚ ਰੱਖ ਕੇ ਬੈਠੋ।

  • ਆਰਾਮਦੇਹ ਰਹੋ, ਖਾਸ ਕਰਕੇ ਦਿਨ ਦੇ ਸਭ ਤੋਂ ਗਰਮ ਸਮਿਆਂ ਦੌਰਾਨ।

  • ਬਾਹਰ ਹੋਣ ਵੇਲੇ, ਛਾਂ ਵਿਚ ਰਹੋ ਅਤੇ ਐੱਸ ਪੀ ਐੱਫ 30 ਜਾਂ ਜ਼ਿਆਦਾ ਨਾਲ ਬਰੌਡ-ਸਪੈਕਟ੍ਰਮ ਸਨਸਕਰੀਨ ਦੀ ਵਰਤੋਂ ਕਰੋ।

  • ਜੇ ਤੁਸੀਂ ਜ਼ਿਆਦਾ ਗਰਮ ਹੋ ਰਹੇ ਹੋਵੋ ਤਾਂ ਠੰਢੇ ਹੋਣ ਲਈ ਫੌਰਨ ਕਦਮ ਚੁੱਕੋ। ਜ਼ਿਆਦਾ ਗਰਮ ਹੋਣ ਦੀਆਂ ਨਿਸ਼ਾਨੀਆਂ ਵਿਚ ਬੀਮਾਰ ਮਹਿਸੂਸ ਕਰਨਾ, ਸਿਰਦਰਦ ਅਤੇ ਚੱਕਰ ਆਉਣਾ ਸ਼ਾਮਲ ਹਨ। ਜ਼ਿਆਦਾ ਗਰਮ ਹੋਣ ਨਾਲ ਹੀਟ ਇਗਜ਼ੌਸਚਨ ਅਤੇ ਹੀਟ ਸਟਰੋਕ ਹੋ ਸਕਦੇ ਹਨ।

  • ਹੀਟ ਇਗਜ਼ੌਸਚਨ ਦੀਆਂ ਨਿਸ਼ਾਨੀਆਂ ਵਿਚ ਬਹੁਤ ਜ਼ਿਆਦਾ ਪਸੀਨਾ ਆਉਣਾ, ਬਹੁਤ ਜ਼ਿਆਦਾ ਸਿਰਦਰਦ, ਪੱਠਿਆਂ ਵਿਚ ਜਕੜ, ਬਹੁਤ ਜ਼ਿਆਦਾ ਪਿਆਸ ਲੱਗਣਾ ਅਤੇ ਗੂੜੇ ਰੰਗ ਦਾ ਪਿਸ਼ਾਬ ਆਉਣਾ ਸ਼ਾਮਲ ਹਨ। ਜੇ ਤੁਹਾਡੇ ਵਿਚ ਇਹ ਨਿਸ਼ਾਨੀਆਂ ਆ ਰਹੀਆਂ ਹੋਣ ਤਾਂ ਤੁਹਾਨੂੰ ਠੰਢੀ ਥਾਂ `ਤੇ ਜਾਣਾ ਚਾਹੀਦਾ ਹੈ, ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ, ਆਰਾਮ ਕਰਨਾ ਚਾਹੀਦਾ ਹੈ, ਆਪਣੇ ਸਰੀਰ ਨੂੰ ਠੰਢਾ ਕਰਨ ਲਈ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਆਪਣੀਆਂ ਨਿਸ਼ਾਨੀਆਂ `ਤੇ ਨਿਗਰਾਨੀ ਰੱਖਣੀ ਚਾਹੀਦੀ ਹੈ।

  • ਹੀਟ ਸਟਰੋਕ ਦੀਆਂ ਨਿਸ਼ਾਨੀਆਂ ਵਿਚ ਬੇਹੋਸ਼ ਹੋਣਾ, ਭੰਬਲਭੂਸੇ ਵਿਚ ਪੈਣਾ, ਘਬਰਾਹਟ ਹੋਣਾ, ਬਹੁਤ ਜ਼ਿਆਦਾ ਚਿੱਤ ਕੱਚਾ ਹੋਣਾ ਜਾਂ ਉਲਟੀਆਂ ਆਉਣਾ ਅਤੇ ਬਹੁਤ ਜ਼ਿਆਦਾ ਗੂੜ੍ਹੇ ਰੰਗ ਦਾ ਪਿਸ਼ਾਬ ਆਉਣਾ ਜਾਂ ਪਿਸ਼ਾਬ ਨਾ ਆਉਣਾ ਸ਼ਾਮਲ ਹਨ। ਹੀਟ ਸਟਰੋਕ ਇਕ ਮੈਡੀਕਲ ਐਮਰਜੰਸੀ ਹੈ। 

ਕਿਸੇ ਮੈਡੀਕਲ ਐਮਰਜੰਸੀ ਦੀ ਸੂਰਤ ਵਿਚ 911 ਨੂੰ ਫੋਨ ਕਰੋ। ਪਰ, 911 ਦੀ ਵਰਤੋਂ ਜ਼ਿੰਮੇਵਾਰੀ ਨਾਲ ਕਰਨਾ ਜ਼ਰੂਰੀ ਹੈ ਤਾਂ ਜੋ ਸਿਸਟਮ `ਤੇ ਬੋਝ ਪੈਣ ਤੋਂ ਪਰਹੇਜ਼ ਹੋਵੇ।

911 ਨੂੰ ਕਦੋਂ ਫੋਨ ਕਰਨਾ ਹੈ: 

  • ਹੀਟ ਸਟਰੋਕ ਦੇ ਕੇਸਾਂ ਵਿਚ: ਬੇਹੋਸ਼ ਹੋਣਾ, ਭੰਬਲਭੂਸੇ ਵਿਚ ਪੈਣਾ, ਘਬਰਾਹਟ ਹੋਣਾ, ਬਹੁਤ ਜ਼ਿਆਦਾ ਚਿੱਤ ਕੱਚਾ ਹੋਣਾ ਜਾਂ ਉਲਟੀਆਂ ਆਉਣਾ ਅਤੇ ਬਹੁਤ ਜ਼ਿਆਦਾ ਗੂੜ੍ਹੇ ਰੰਗ ਦਾ ਪਿਸ਼ਾਬ ਆਉਣਾ ਜਾਂ ਪਿਸ਼ਾਬ ਨਾ ਆਉਣਾ।

  • ਆਮ ਤੌਰ `ਤੇ: ਜਦੋਂ ਛਾਤੀ ਵਿਚ ਦਰਦ ਹੋਵੇ, ਸਾਹ ਲੈਣ ਵਿਚ ਮੁਸ਼ਕਲ ਆਵੇ, ਬੇਹੋਸ਼ੀ, ਵੱਡਾ ਸਾੜ, ਸਾਹ ਰੁਕਣਾ, ਸੀਜ਼ਰ ਜਿਹੜਾ ਰੁਕ ਨਹੀਂ ਰਿਹਾ, ਡੁੱਬਣਾ, ਅਲਰਜੀ ਦਾ ਕੋਈ ਗੰਭੀਰ ਰੀਐਕਸ਼ਨ, ਸਿਰ ਵਿਚ ਸੱਟ, ਸਟਰੋਕ ਦੀਆਂ ਨਿਸ਼ਾਨੀਆਂ, ਓਵਰਡੋਜ਼ ਦੀਆਂ ਨਿਸ਼ਾਨੀਆਂ ਜਾਂ ਕੋਈ ਵੱਡੀ ਸੱਟ। 

ਜੇ ਤੁਹਾਡੀ ਸਿਹਤ ਦਾ ਕੋਈ ਘੱਟ ਗੰਭੀਰ ਮਸਲਾ ਹੈ:

  • ਤੁਸੀਂ ਹੈਲਥਲਿੰਕ ਬੀ ਸੀ ਨੂੰ 811 `ਤੇ ਫੋਨ ਕਰ ਸਕਦੇ ਹੋ ਅਤੇ ਨਰਸ ਨਾਲ ਗੱਲ ਕਰ ਸਕਦੇ ਹੋ ਜਾਂ ਕਿਸੇ ਅਰਜੈਂਟ ਕੇਅਰ ਸੈਂਟਰ ਜਾਂ ਕਲੀਨਿਕ ਨੂੰ ਜਾ ਸਕਦੇ ਹੋ ਜੇ ਤੁਸੀਂ ਅਜਿਹਾ ਸੁਰੱਖਿਅਤ ਤਰੀਕੇ ਨਾਲ ਕਰ ਸਕਦੇ ਹੋਵੋ। ਇਸ ਤਰੀਕੇ ਨਾਲ, ਸਾਡਾ ਐਮਰਜੰਸੀ ਮੈਡੀਕਲ ਡਿਸਪੈਚ ਸਟਾਫ ਅਤੇ ਪੈਰਾਮੈਡਿਕਸ ਉਨ੍ਹਾਂ ਲੋਕਾਂ ਲਈ ਉਪਲਬਧ ਹੋਣਗੇ ਜਿਨ੍ਹਾਂ ਨੂੰ ਇਨ੍ਹਾਂ ਸੇਵਾਵਾਂ ਦੀ ਸਭ ਤੋਂ ਜ਼ਿਆਦਾ ਲੋੜ ਹੈ।

  • healthlinkbc.ca `ਤੇ ਔਨਲਾਈਨ ਟੂਲਜ਼ ਵੀ ਹਨ, ਜਿਨ੍ਹਾਂ ਵਿਚ "Check Your Symptoms" ਟੂਲ ਵੀ ਸ਼ਾਮਲ ਹੈ। 

ਬੀ ਸੀ ਹੀਟ ਅਲਰਟ ਐਂਡ ਰਿਸਪੌਂਸ ਸਿਸਟਮ (ਬੀ ਸੀ  ਐੱਚ ਏ ਆਰ ਐੱਸ) ਬਾਰੇ

  • ਬੀ ਸੀ  ਐੱਚ ਏ ਆਰ ਐੱਸ ਵਿਚ ਸਾਵਧਾਨੀਆਂ ਦੇ ਦੋ ਪੱਧਰ ਸ਼ਾਮਲ ਹਨ: ਗਰਮੀ ਬਾਰੇ ਵਾਰਨਿੰਗ ਅਤੇ ਬਹੁਤ ਜ਼ਿਆਦਾ ਗਰਮੀ ਕਾਰਨ ਐਮਰਜੰਸੀ।
  • ਬੀ ਸੀ  ਐੱਚ ਏ ਆਰ ਐੱਸ ਲਈ ਮਾਪਦੰਡ ਇਸ ਤਰ੍ਹਾਂ ਹੈ:
    • ਗਰਮੀ ਬਾਰੇ ਵਾਰਨਿੰਗ:
      • ਲਗਾਤਾਰ ਦੋ ਜਾਂ ਜ਼ਿਆਦਾ ਦਿਨ ਜਦੋਂ ਦਿਨ ਦੇ ਸਮੇਂ ਦੇ ਵੱਧ ਤੋਂ ਵੱਧ ਤਾਪਮਾਨ ਇਲਾਕੇ ਦੇ ਤਾਪਮਾਨ ਦੀ ਸੀਮਾ ਤੱਕ ਪਹੁੰਚਣ ਜਾਂ ਵਧ ਜਾਣ ਦੀ ਉਮੀਦ ਕੀਤੀ ਜਾਂਦੀ ਹੈ ਅਤੇ ਰਾਤ ਦੇ ਸਮੇਂ ਦੇ ਘੱਟ ਤੋਂ ਘੱਟ ਤਾਪਮਾਨ ਇਲਾਕੇ ਦੇ ਤਾਪਮਾਨ ਦੀ ਸੀਮਾ ਤੋਂ ਉਪਰ ਰਹਿਣ ਦੀ ਉਮੀਦ ਕੀਤੀ ਜਾਂਦੀ ਹੈ।
      • ਲੋਕਾਂ ਦੀ ਸਿਹਤ ਨੂੰ ਖਤਰੇ ਵਿਚ ਦਰਮਿਆਨਾ ਵਾਧਾ।
    • ਬਹੁਤ ਜ਼ਿਆਦਾ ਗਰਮੀ ਕਾਰਨ ਐਮਰਜੰਸੀ:
      • ਗਰਮੀ ਦੀ ਵਾਰਨਿੰਗ ਦੇ ਮਾਪਦੰਡ ਪੂਰੇ ਹੋ ਗਏ ਹਨ ਅਤੇ ਦਿਨ ਦੇ ਸਮੇਂ ਦੇ ਵੱਧ ਤੋਂ ਵੱਧ ਤਾਪਮਾਨ, ਲਗਾਤਾਰ ਤਿੰਨ ਜਾਂ ਜ਼ਿਆਦਾ ਦਿਨਾਂ ਲਈ ਦਿਨ ਪ੍ਰਤੀ ਦਿਨ ਕਾਫੀ ਵਧ ਜਾਣ ਦੀ ਉਮੀਦ ਹੈ। 
      • ਲੋਕਾਂ ਦੀ ਸਿਹਤ ਨੂੰ ਖਤਰੇ ਵਿਚ ਬਹੁਤ ਜ਼ਿਆਦਾ ਵਾਧਾ। 

ਵੀ ਸੀ ਐੱਚ, 14 ਫਸਟ ਨੇਸ਼ਨਜ਼ ਦੇ ਜੱਦੀ, ਰਵਾਇਤੀ ਅਤੇ ਨਾ ਤਿਆਗੇ ਗਏ ਇਲਾਕਿਆਂ ਵਿਚ ਸਾਰੇ 1.2 ਮਿਲੀਅਨ ਲੋਕਾਂ ਦੀ ਉਚੇਚੀ ਸੰਭਾਲ ਲਈ ਵਚਨਬੱਧ ਹੈ। ਆਪਣੇ 26,000 ਨਾਲੋਂ ਜ਼ਿਆਦਾ ਸਟਾਫ ਅਤੇ ਮੈਡੀਕਲ ਸਟਾਫ ਨਾਲ, ਵੀ ਸੀ ਐੱਚ ਹੈਲਥ ਕੇਅਰ ਵਿਚ ਨਵੀਨਤਾ, ਖੋਜ ਅਤੇ ਅਕਾਦਮਿਕ ਉੱਤਮਤਾ ਲਈ ਬ੍ਰਿਟਿਸ਼ ਕੋਲੰਬੀਆ ਦਾ ਕੇਂਦਰ ਹੈ ਜੋ ਕਿ ਸੂਬੇ ਭਰ ਦੇ ਮਰੀਜ਼ਾਂ ਲਈ ਖਾਸ ਇਲਾਜ ਪ੍ਰਦਾਨ ਕਰਦੀ ਹੈ। vch.ca `ਤੇ ਜ਼ਿਆਦਾ ਜਾਣੋ।

SOURCE: ਹੌਏ ਸਾਊਂਡ ਅਤੇ ਸਨਸ਼ਾਈਨ ਕੋਸਟ ਲਈ ਵੀ ਸੀ ਐੱਚ ਵਲੋਂ ਗਰਮੀ ਦੀ ਵਾਰਨਿੰਗ ਬਾਰੇ ਸਲਾਹ ( )
Page printed:

Copyright © Vancouver Coastal Health. All Rights Reserved.