Aerial view of the Ferry traveling between the islands

ਇਸ ਵਿਚ ਹੈਲਥ ਕੇਅਰ ਕਵਰੇਜ ਲਈ ਹੱਕਦਾਰੀ ਅਤੇ ਇਸ ਵਿਚ ਸ਼ਾਮਲ ਹੋਣ, ਕੋਈ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਲੱਭਣ ਬਾਰੇ ਜਾਣਕਾਰੀ ਦੇ ਨਾਲ ਨਾਲ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਸਿਹਤ ਅਤੇ ਤੰਦਰੁਸਤੀ ਨਾਲ ਸੰਬੰਧਿਤ ਆਮ ਪੁੱਛੇ ਜਾਣ ਵਾਲੇ ਸਵਾਲ ਵੀ ਸ਼ਾਮਲ ਹਨ।

ਬੀ.ਸੀ. ਵਿਚ ਹੈਲਥ ਅਥਾਰਟੀਆਂ ਆਪਣੇ ਭੂਗੋਲਿਕ ਖੇਤਰਾਂ ਵਿਚ ਹੈਲਥ ਕੇਅਰ ਦੀਆਂ ਸੇਵਾਵਾਂ ਚਲਾਉਂਦੀਆਂ, ਇਨ੍ਹਾਂ ਦੀ ਪਲੈਨ ਬਣਾਉਂਦੀਆਂ ਅਤੇ ਦਿੰਦੀਆਂ ਹਨ। ਮਨਿਸਟਰੀ ਔਫ ਹੈਲਥ (ਸਿਹਤ ਮਹਿਕਮਾ) ਉੱਚ ਪੱਧਰ ਦੀਆਂ, ਢੁਕਵੀਂਆਂ ਅਤੇ ਸਮੇਂ ਸਿਰ ਦਿੱਤੀਆਂ ਜਾਣ ਵਾਲੀਆਂ ਸਿਹਤ ਸੇਵਾਵਾਂ ਦੇਣ ਲਈ ਪੰਜ ਇਲਾਕਾਈ ਹੈਲਥ ਅਥਾਰਟੀਆਂ ਅਤੇ ਇਕ ਫਸਟ ਨੇਸ਼ਨਜ਼ ਹੈਲਥ ਅਥਾਰਟੀ ਨਾਲ ਰਲ ਕੇ ਕੰਮ ਕਰਦੀ ਹੈ। ਵੀ ਸੀ ਐੱਚ 1.25 ਮਿਲੀਅਨ ਨਾਲੋਂ ਜ਼ਿਆਦਾ ਲੋਕਾਂ ਦੀ ਸੇਵਾ ਕਰਦੀ ਹੈ ਜਿਸ ਵਿਚ ਵੈਨਕੂਵਰ, ਰਿਚਮੰਡ, ਨੌਰਥ ਸ਼ੋਅਰ ਅਤੇ ਕੋਸਟ ਗਾਰੀਬਾਲਡੀ, ਸੀਅ-ਟੂ-ਸਕਾਈ, ਸਨਸ਼ਾਈਨ ਕੋਸਟ, ਪੌਵਲ ਰਿਵਰ, ਬੈਲਾ ਬੈਲਾ, ਅਤੇ ਬੈਲਾ ਕੂਲਾ ਦੇ ਵਸਨੀਕ ਸ਼ਾਮਲ ਹਨ। ਉਨ੍ਹਾਂ ਇਲਾਕਿਆਂ ਬਾਰੇ ਜ਼ਿਆਦਾ ਜਾਣਨ ਲਈ ਜਿਨ੍ਹਾਂ ਨੂੰ ਵੀ ਸੀ ਐੱਚ ਸੇਵਾਵਾਂ ਦਿੰਦੀ ਹੈ ਵੀ ਸੀ ਐੱਚ ਵੈੱਬਸਾਈਟ `ਤੇ ਜਾਉ ਜਿਹੜਾ ਕਈ ਜ਼ਬਾਨਾਂ ਵਿਚ ਉਪਲਬਧ ਹੈ.

ਬੀ.ਸੀ. ਵਿਚ ਹੈਲਥ ਕੇਅਰ ਲੈਣਾ

ਬੀ.ਸੀ. ਸਾਰੇ ਵਸਨੀਕਾਂ ਨੂੰ ਹੈਲਥ ਕੇਅਰ (ਇਲਾਜ) ਦੀ ਮੁਫਤ ਕਵਰੇਜ ਦਿੰਦਾ ਹੈ। ਹੈਲਥ ਕੇਅਰ ਦੀਆਂ ਸੇਵਾਵਾਂ ਲੈਣ ਲਈ, ਤੁਹਾਨੂੰ ਬ੍ਰਿਟਿਸ਼ ਕੋਲੰਬੀਆ ਸਰਕਾਰ ਦੀ ਹੈਲਥ ਪਲੈਨ ਵਿਚ ਸ਼ਾਮਲ ਹੋਣ ਦੀ ਲੋੜ ਹੈ ਜਿਸ ਨੂੰ ਮੈਡੀਕਲ ਸਰਵਿਸਿਜ਼ ਪਲੈਨ (ਐੱਮ ਐੱਸ ਪੀ) ਵਜੋਂ ਜਾਣਿਆ ਜਾਂਦਾ ਹੈ। ਇਹ ਮੁਢਲੀਆਂ, ਡਾਕਟਰੀ ਤੌਰ `ਤੇ ਲੋੜੀਂਦੀਆਂ ਸਿਹਤ ਸੇਵਾਵਾਂ ਲਈ ਖਰਚਾ ਦਿੰਦੀ ਹੈ। ਇਸ ਵਿਚ ਡਾਕਟਰਾਂ ਦੀਆਂ ਕੁਝ ਵਿਜ਼ਟਾਂ, ਮੈਡੀਕਲ ਟੈੱਸਟ ਅਤੇ ਇਲਾਜ ਸ਼ਾਮਲ ਹਨ। ਇਹ ਨੋਟ ਕਰਨਾ ਜ਼ਰੂਰੀ ਹੈ ਕਿ ਸਿਹਤ ਦੇ ਸਾਰੇ ਖਰਚੇ ਐੱਮ ਐੱਸ ਪੀ ਵਲੋਂ ਕਵਰ ਨਹੀਂ ਕੀਤੇ ਜਾਂਦੇ।

ਐੱਮ ਐੱਸ ਪੀ ਇਨ੍ਹਾਂ ਲਈ ਹੈ:

  • ਬੀ.ਸੀ. ਦੇ ਵਸਨੀਕ ਜਿਹੜੇ ਕੈਨੇਡਾ ਦੇ ਸਿਟੀਜ਼ਨ ਜਾਂ ਪੱਕੇ ਵਸਨੀਕ ਹਨ
  • ਬੀ.ਸੀ.ਦੇ ਵਸਨੀਕ ਜਿਹੜੇ ਸਰਕਾਰ ਦੀ ਮਦਦ ਲੈਣ ਵਾਲੇ ਰਫਿਊਜੀ ਹਨ
  • ਸਟੱਡੀ ਪਰਮਿਟਾਂ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ
  • ਕੁਝ ਲੋਕ ਜਿਨ੍ਹਾਂ ਕੋਲ ਛੇ ਮਹੀਨਿਆਂ ਜਾਂ ਜ਼ਿਆਦਾ ਸਮੇਂ ਲਈ ਵਰਕ ਪਰਮਿਟ ਹਨ

ਇਹ ਪਤਾ ਲਾਉਣ ਲਈ ਕਿ ਕੀ ਤੁਸੀਂ ਐੱਮ ਐੱਸ ਪੀ ਲਈ ਯੋਗ ਹੋ,  ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੈੱਬਸਾਈਟ `ਤੇ ਜਾਉ।

ਜੇ ਮੈਨੂੰ ਆਪਣੀ ਮੈਡੀਕਲ ਅਪੌਂਇੰਟਮੈਂਟ `ਤੇ ਬੋਲੀ ਦੀ ਮਦਦ ਚਾਹੀਦੀ ਹੋਵੇ ਤਾਂ ਕੀ ਹੋਵੇਗਾ?

ਜੇ ਤੁਹਾਨੂੰ ਕਿਸੇ ਮੈਡੀਕਲ ਅਪੌਂਇੰਟਮੈਂਟ `ਤੇ ਬੋਲੀ ਦੀ ਮਦਦ ਚਾਹੀਦੀ ਹੋਵੇ ਤਾਂ ਤੁਹਾਡੀਆਂ ਇਲਾਜ ਦੀਆਂ ਲੋੜਾਂ ਲਈ ਦੋਭਾਸ਼ੀਏ ਦੀਆਂ ਸੇਵਾਵਾਂ ਉਪਲਬਧ ਹਨ। 

ਐੱਮ ਐੱਸ ਪੀ ਲਈ ਰਜਿਸਟਰ ਹੋਣਾ

ਬੀ.ਸੀ. ਦੇ ਸਾਰੇ ਵਸਨੀਕਾਂ ਲਈ ਐੱਮ ਐੱਸ ਪੀ ਲਈ ਅਪਲਾਈ ਕਰਨਾ ਅਤੇ ਰਜਿਸਟਰ ਹੋਣਾ ਜ਼ਰੂਰੀ ਹੈ। ਤੁਹਾਨੂੰ ਬੀ.ਸੀ. ਵਿਚ ਪਹੁੰਚਣ ਤੋਂ ਬਾਅਦ ਛੇਤੀ ਤੋਂ ਛੇਤੀ ਐੱਮ ਐੱਸ ਪੀ ਲਈ ਰਜਿਸਟਰ ਹੋਣਾ ਚਾਹੀਦਾ ਹੈ। ਤੁਹਾਡੀ ਐਪਲੀਕੇਸ਼ਨ `ਤੇ ਕਾਰਵਾਈ ਹੋਣ ਨੂੰ ਤਿੰਨ ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ।

ਜੇ ਤੁਹਾਡੇ ਕੋਲ ਐੱਮ ਐੱਸ ਪੀ ਨਹੀਂ ਹੈ ਤਾਂ ਤੁਹਾਨੂੰ ਪ੍ਰਾਈਵੇਟ ਮੈਡੀਕਲ ਇਨਸ਼ੋਰੈਂਸ ਖਰੀਦਣ ਲਈ ਉਤਸ਼ਾਹ ਦਿੱਤਾ ਜਾਂਦਾ ਹੈ। ਜੇ ਤੁਹਾਨੂੰ ਬੀ.ਸੀ. ਵਿਚ ਇਲਾਜ ਦੀ ਲੋੜ ਹੋਵੇ ਅਤੇ ਤੁਹਾਡੇ ਕੋਲ ਐੱਮ ਐੱਸ ਪੀ ਜਾਂ ਪ੍ਰਾਈਵੇਟ ਮੈਡੀਕਲ ਇਨਸ਼ੋਰੈਂਸ ਨਾ ਹੋਵੇ ਤਾਂ ਤੁਹਾਨੂੰ ਸਾਰੇ ਡਾਕਟਰੀ ਖਰਚੇ ਆਪ ਦੇਣੇ ਪੈਣਗੇ।

ਹੋਰ ਫਾਇਦੇ

ਜੇ ਤੁਹਾਡੀ ਆਮਦਨ ਘੱਟ ਹੈ ਤਾਂ ਤੁਸੀਂ ਹੋਰ ਫਾਇਦਿਆਂ ਲਈ ਵੀ ਯੋਗ ਹੋ ਸਕਦੇ ਹੋ। ਐੱਮ ਐੱਸ ਪੀ ਦੇ ਹੋਰ ਫਾਇਦੇ ਮੈਡੀਕਲ ਸੇਵਾਵਾਂ ਦੇ ਕੁਝ ਹਿੱਸੇ ਦਾ ਖਰਚਾ ਦੇਣਗੇ। ਇਨ੍ਹਾਂ ਵਿਚ ਸ਼ਾਮਲ ਹਨ:

  • ਆਕੂਪੰਕਚਰ
  • ਕਾਇਰੋਪਰੈਕਟਿਕ ਇਲਾਜ
  • ਮਾਸਾਜ ਥੈਰੇਪੀ
  • ਨੈਚਰੋਪੈਥੀ
  • ਫਿਜ਼ੀਕਲ ਥੈਰੇਪੀ
  • ਸਰਜਰੀ ਤੋਂ ਬਿਨਾਂ ਪੈਰਾਂ ਦਾ ਇਲਾਜ

ਤੁਸੀਂ ਹੋਰ ਫਾਇਦਿਆਂ ਲਈ ਯੋਗ ਹੋ ਸਕਦੇ ਹੋ ਜੇ ਤੁਸੀਂ ਕੈਨੇਡਾ ਵਿਚ ਕੈਨੇਡਾ ਦੇ ਸਿਟੀਜ਼ਨ ਜਾਂ ਪੱਕੇ ਵਸਨੀਕ ਵਜੋਂ ਪਿਛਲੇ 12 ਮਹੀਨੇ (ਇਕ ਸਾਲ) ਰਹੇ ਹੋ। ਅਪਲਾਈ ਕਰਨ ਲਈ, ਐਪਲੀਕੇਸ਼ਨ ਫਾਰਮ ਭਰੋ ਅਤੇ ਇਸ ਨੂੰ ਹੈਲਥ ਇਨਸ਼ੋਰੈਂਸ ਬੀ ਸੀ ਨੂੰ ਭੇਜੋ। ਜ਼ਿਆਦਾ ਜਾਣਕਾਰੀ ਬ੍ਰਿਟਿਸ਼ ਕੋਲੰਬੀਆ ਸਰਕਾਰ ਦਾ ਵੈੱਬਸਾਈਟ `ਤੇ ਮੌਜੂਦ ਹੈ।

ਇੰਟਰਨੈਸ਼ਨਲ ਸਟੂਡੈਂਟ ਹੈਲਥ ਫੀ

ਬੀ.ਸੀ. ਵਿਚ ਛੇ ਮਹੀਨਿਆਂ ਜਾਂ ਜ਼ਿਆਦਾ ਸਮੇਂ ਲਈ ਪੜ੍ਹਾਈ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਐੱਮ ਐੱਸ ਪੀ ਵਿਚ ਰਜਿਸਟਰ ਹੋਣ ਅਤੇ ਮਹੀਨਾਵਾਰ ਹੈਲਥ ਫੀਸ ਦੇਣ ਦੀ ਲੋੜ ਹੈ।

ਇਹ ਫੀਸ ਇਨ੍ਹਾਂ ਲਈ ਹੈ:

  • ਕਿੰਡਰਗਾਰਟਨ ਤੋਂ ਗਰੇਡ 12 ਤੱਕ ਦੇ ਅੰਤਰਾਸ਼ਟਰੀ ਵਿਦਿਆਰਥੀਆਂ ਲਈ
  • ਸਟੱਡੀ ਪਰਮਿਟਾਂ ਵਾਲੇ ਉਨ੍ਹਾਂ ਅੰਤਰਰਾਸ਼ਟਰੀ ਪੋਸਟ-ਸੈਕੰਡਰੀ ਵਿਦਿਆਰਥੀਆਂ ਲਈ ਜਿਹੜੇ ਐੱਮ ਐੱਸ ਪੀ ਵਿਚ ਰਜਿਸਟਰ ਹਨ।

ਜ਼ਿਆਦਾ ਜਾਣਕਾਰੀ ਬ੍ਰਿਟਿਸ਼ ਕੋਲੰਬੀਆ ਸਰਕਾਰ ਦਾ ਵੈੱਬਸਾਈਟ `ਤੇ ਮੌਜੂਦ ਹੈ।

ਆਪਣਾ ਬੀ ਸੀ ਸਰਵਿਸਿਜ਼ ਕਾਰਡ ਲਉ

ਹੈਲਥ ਕੇਅਰ ਦੀਆਂ ਸੇਵਾਵਾਂ ਲੈਣ ਲਈ ਤੁਹਾਨੂੰ ਬੀ ਸੀ ਸਰਵਿਸਿਜ਼ ਕਾਰਡ ਦੀ ਲੋੜ ਪਵੇਗੀ। ਆਪਣਾ ਕਾਰਡ ਲੈਣ ਲਈ, ਤੁਹਾਨੂੰ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰਨ ਦੀ ਲੋੜ ਪਵੇਗੀ।

  1. ਐੱਮ ਐੱਸ ਪੀ ਲਈ ਅਪਲਾਈ ਕਰੋ।
    1. ਬੀ ਸੀ ਐੱਮ ਐੱਸ ਪੀ ਇਨਰੋਲਮੈਂਟ ਫਾਰਮ ਭਰੋ ਅਤੇ ਭੇਜੋ। ਜ਼ਿਆਦਾ ਜਾਣਕਾਰੀ ਬ੍ਰਿਟਿਸ਼ ਕੋਲੰਬੀਆ ਸਰਕਾਰ ਦਾ ਵੈੱਬਸਾਈਟ `ਤੇ ਮੌਜੂਦ ਹੈ।  
    2. ਤੁਸੀਂ  ਬ੍ਰਿਟਿਸ਼ ਕੋਲੰਬੀਆ ਸਰਕਾਰ ਦਾ ਵੈੱਬਸਾਈਟ ਰਾਹੀਂ ਔਨਲਾਈਨ ਵੀ ਅਪਲਾਈ ਕਰ ਸਕਦੇ ਹੋ। 
  2. ਬੀ ਸੀ ਸਰਵਿਸਿਜ਼ ਕਾਰਡ ਬਣਾਉਣ ਲਈ ਇਨਸ਼ੋਰੈਂਸ ਕਾਰਪੋਰੇਸ਼ਨ ਔਫ ਬ੍ਰਿਟਿਸ਼ ਕੋਲੰਬੀਆ (ਆਈ ਸੀ ਬੀ ਸੀ) ਦੇ ਕਿਸੇ ਡਰਾਈਵਰ ਲਾਇਸੰਸਿੰਗ ਆਫਿਸ ਜਾਉ। ਆਪਣੇ ਡਾਕੂਮੈਂਟਸ ਅਤੇ ਇਨਰੋਲਮੈਂਟ ਫਾਰਮ ਭੇਜਣ ਤੋਂ ਬਾਅਦ, ਤੁਹਾਨੂੰ ਡਾਕ ਰਾਹੀਂ ਇਕ ਚਿੱਠੀ ਮਿਲੇਗੀ। ਇਹ ਚਿੱਠੀ ਆਈ ਸੀ ਬੀ ਸੀ ਦੇ ਡਰਾਈਵਰ ਲਾਇਸੰਸਿੰਗ ਆਫਿਸ ਨੂੰ ਲੈ ਕੇ ਜਾਉ। ਤੁਹਾਨੂੰ ਆਪਣੀ ਪਛਾਣ ਦਿਖਾਉਣ ਵਾਲੀਆਂ ਦੋ ਚੀਜ਼ਾਂ ਵੀ ਲਿਜਾਣ ਦੀ ਲੋੜ ਪਵੇਗੀ।
    1. ਆਈ ਸੀ ਬੀ ਸੀ ਵੈੱਬਸਾਈਟ. `ਤੇ ਜਾ ਕੇ ਇਹ ਪਤਾ ਲਾਉ ਕਿ ਤੁਹਾਨੂੰ ਕਿਸ ਕਿਸਮ ਦੇ ਪਛਾਣ ਪੱਤਰਾਂ ਦੀ ਲੋੜ ਪਵੇਗੀ। 
    2. ਆਪਣੇ ਨੇੜੇ ਆਈ ਸੀ ਬੀ ਸੀ ਦਾ ਦਫਤਰ ਲੱਭੋ।

19 ਸਾਲ ਤੋਂ ਘੱਟ ਉਮਰ ਦੇ ਬੱਚਿਆਂ, 75 ਸਾਲ ਅਤੇ ਜ਼ਿਆਦਾ ਉਮਰ ਦੇ ਲੋਕਾਂ ਅਤੇ ਸਟੱਡੀ ਅਤੇ ਵਰਕ ਪਰਮਿਟ ਵਾਲੇ ਲੋਕਾਂ ਨੂੰ ਆਈ ਸੀ ਬੀ ਸੀ ਦੇ ਦਫਤਰ ਜਾਣ ਦੀ ਲੋੜ ਨਹੀਂ ਹੈ। ਤੁਹਾਨੂੰ ਬੀ ਸੀ ਸਰਵਿਸਿਜ਼ ਕਾਰਡ ਫੋਟੋ ਤੋਂ ਬਿਨਾਂ ਮਿਲੇਗਾ। ਪਰ, ਜੇ ਤੁਸੀਂ ਫੋਟੋ ਵਾਲਾ ਬੀ ਸੀ ਸਰਵਿਸਿਜ਼ ਕਾਰਡ ਚਾਹੁੰਦੇ ਹੋਵੋ ਤਾਂ ਤੁਸੀਂ ਆਈ ਸੀ ਬੀ ਸੀ ਦੇ ਡਰਾਈਵਰ ਲਾਇਸੰਸਿੰਗ ਆਫਿਸ ਜਾ ਸਕਦੇ ਹੋ।

ਰਫਿਊਜੀ ਦਾ ਕਲੇਮ ਕਰਨ ਵਾਲੇ ਜਾਂ ਪ੍ਰੋਟੈਕਟਿਡ ਪਰਸਨ

ਜੇ ਤੁਸੀਂ ਕੈਨੇਡਾ ਨੂੰ ਇਕ ਰਫਿਊਜੀ ਵਜੋਂ, ਰਫਿਊਜੀ ਦਾ ਕਲੇਮ ਕਰਨ ਵਾਲੇ ਜਾਂ ਪ੍ਰੋਟੈਕਟਿਡ ਪਰਸਨ ਵਜੋਂ ਆਏ ਹੋ, ਤਾਂ ਤੁਸੀਂ ਇਨਟਰਮ ਫੈਡਰਲ ਹੈਲਥ ਪ੍ਰੋਗਰਾਮ ਵਲੋਂ ਕਵਰ ਹੋ ਸਕਦੇ ਹੋ। ਇਹ ਪ੍ਰੋਗਰਾਮ ਮੁਢਲੀਆਂ ਅਤੇ ਵਾਧੂ ਸਿਹਤ ਸੇਵਾਵਾਂ ਲਈ ਟੈਂਪਰੇਰੀ ਕਵਰੇਜ ਦਿੰਦਾ ਹੈ ਜਿਵੇਂ ਕਿ ਹਸਪਤਾਲ ਜਾਣਾ, ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਕੋਲ ਜਾਣਾ, ਕੁਝ ਦਵਾਈਆਂ ਅਤੇ ਅੱਖਾਂ/ਦੰਦਾਂ ਦੀ ਕੁਝ ਸੰਭਾਲ।

ਹੈਲਥਲਿੰਕ ਬੀ ਸੀ

ਜੇ ਤੁਹਾਨੂੰ ਬੀ.ਸੀ. ਵਿਚ ਗੈਰ-ਐਮਰਜੰਸੀ ਸਿਹਤ ਜਾਣਕਾਰੀ ਅਤੇ ਸਲਾਹ ਦੀ ਲੋੜ ਹੋਵੇ ਤਾਂ ਹੈਲਥਲਿੰਕ ਬੀ ਸੀ ਦਿਨ ਦੇ 24 ਘੰਟੇ, ਹਫਤੇ ਦੇ ਸੱਤੇ ਦਿਨ, ਟੈਲੀਫੋਨ, ਵੈੱਬਸਾਈਟ, ਮੋਬਾਇਲ ਐਪ ਅਤੇ ਛਪਣਯੋਗ ਜਾਣਕਾਰੀ ਰਾਹੀਂ ਉਪਲਬਧ ਹੈ। ਹੈਲਥਲਿੰਕ ਬੀ ਸੀ ਦੀਆਂ ਸਾਰੀਆਂ ਸੇਵਾਵਾਂ ਮੁਫਤ ਹਨ।

ਗੈਰ-ਐਮਰਜੰਸੀ ਸੰਭਾਲ ਲਈ ਹੈਲਥਲਿੰਕ ਬੀ ਸੀ ਤੱਕ ਪਹੁੰਚ ਕਰਨ ਲਈ ਕਿਰਪਾ ਕਰਕੇ 8-1-1 ਨੂੰ ਫੋਨ ਕਰੋ। ਜੇ ਤੁਸੀਂ ਸੁਣ ਨਾ ਸਕਦੇ ਹੋਵੋ, ਜਾਂ ਚੰਗੀ ਤਰ੍ਹਾਂ ਸੁਣ ਨਾ ਸਕਦੇ ਹੋਵੋ ਤਾਂ 7-1-1 ਨੂੰ ਫੋਨ ਕਰੋ।

  • ਨਰਸ ਨਾਲ ਗੱਲ ਕਰੋ ਜਾਂ ਆਪਣੇ ਇਲਾਕੇ ਵਿਚ ਸੇਵਾਵਾਂ ਲੱਭਣ ਲਈ ਮਦਦ ਲਉ। ਦਿਨ ਦੇ 24 ਘੰਟੇ, ਹਫਤੇ ਦੇ ਸੱਤੇ ਦਿਨ ਉਪਲਬਧ।
  • ਖਾਣੇ, ਸਿਹਤਮੰਦ ਭੋਜਨ ਅਤੇ ਖੁਰਾਕ ਬਾਰੇ ਕਿਸੇ ਡਾਇਟੀਸ਼ਨ ਨਾਲ ਗੱਲ ਕਰੋ। ਸੋਮਵਾਰ ਤੋਂ ਸ਼ੁਕਰਵਾਰ ਤੱਕ ਸਵੇਰ ਦੇ 9 ਵਜੇ ਤੋਂ ਲੈ ਕੇ ਬਾਅਦ ਦੁਪਹਿਰ 5 ਵਜੇ ਤੱਕ ਉਪਲਬਧ।
  • ਸਰੀਰਕ ਸਰਗਰਮੀ ਅਤੇ ਕਸਰਤ ਬਾਰੇ ਕਿਸੇ ਨਾਲ ਗੱਲ ਕਰੋ। ਸੋਮਵਾਰ ਤੋਂ ਸ਼ੁਕਰਵਾਰ ਤੱਕ ਸਵੇਰ ਦੇ 9 ਵਜੇ ਤੋਂ ਲੈ ਕੇ ਬਾਅਦ ਦੁਪਹਿਰ 5 ਵਜੇ ਤੱਕ ਉਪਲਬਧ।
  • ਦਵਾਈਆਂ ਬਾਰੇ ਫਾਰਮਾਸਿਸਟ ਨਾਲ ਗੱਲ ਕਰੋ। ਹਰ ਸ਼ਾਮ ਅਤੇ ਰਾਤ ਨੂੰ ਉਪਲਬਧ, ਬਾਅਦ ਦੁਪਹਿਰ ਦੇ 5 ਵਜੇ ਤੋਂ ਲੈ ਕੇ ਸਵੇਰ ਦੇ 9 ਵਜੇ ਤੱਕ।

ਹੈਲਥਲਿੰਕ ਬੀ ਸੀ ਕੋਲ 130 ਨਾਲੋਂ ਜ਼ਿਆਦਾ ਜ਼ਬਾਨਾਂ ਵਿਚ ਦੋਭਾਸ਼ੀਏ ਦੀਆਂ ਸੇਵਾਵਾਂ ਵੀ ਹਨ। 8-1-1 ਨੂੰ ਫੋਨ ਕਰਨ ਵੇਲੇ, ਆਪਣੀ ਜ਼ਬਾਨ ਦਾ ਨਾਂ ਬੋਲੋ (ਉਦਾਹਰਣ ਲਈ, “ਪੰਜਾਬੀ” ਕਹੋ) ਅਤੇ ਇਕ ਦੋਭਾਸ਼ੀਆ (ਇੰਟਰਪਰੇਟਰ) ਫੋਨ `ਤੇ ਨਾਲ ਸ਼ਾਮਲ ਹੋਵੇਗਾ।

ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਲੱਭਣਾ

ਫੈਮਿਲੀ ਡਾਕਟਰ ਅਤੇ ਨਰਸ ਪ੍ਰੈਕਟੀਸ਼ਨਰ, ਨੇਮ ਨਾਲ ਤੁਹਾਡੀਆਂ ਰੋਜ਼ਮਰਾ ਦੀਆਂ ਸਿਹਤ ਲੋੜਾਂ ਦੇਖਣ ਵਿਚ ਤੁਹਾਡੀ ਮਦਦ ਕਰਦੇ ਹਨ।

ਆਪਣੇ ਇਲਾਕੇ ਵਿਚ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਲੱਭਣ ਬਾਰੇ ਕੁਝ ਸੁਝਾਅ ਇਹ ਹਨ:

  • ਕੌਲਜ ਔਫ ਫਿਜ਼ਿਸ਼ਨਜ਼ ਐਂਡ ਸਰਜਨਜ਼ ਔਫ ਬੀ ਸੀ- ਫਿਜ਼ਿਸ਼ਨ ਡਾਇਰੈਕਟਰੀ
  • ਡਿਵੀਜ਼ਨ ਔਫ ਫੈਮਿਲੀ ਪ੍ਰੈਕਟਿਸ: ਆਪਣੀ ਲੋਕਲ ਡਿਵੀਜ਼ਨ ਦੀ ਚੋਣ ਕਰੋ। ਬਹੁਤ ਸਾਰੀਆਂ ਡਿਵੀਜ਼ਨਾਂ ਮਰੀਜ਼ਾਂ ਨੂੰ ਕਿਸੇ ਫੈਮਿਲੀ ਡਾਕਟਰ ਨਾਲ ਜੋੜਨ ਲਈ ਸਰਵਿਸ ਦਿੰਦੀਆਂ ਹਨ।
  • ਹੈਲਥਲਿੰਕ ਬੀ ਸੀ: ਰਜਿਸਟਰਡ ਨਰਸਾਂ, ਫਾਰਮਾਸਿਸਟਾਂ ਅਤੇ ਡਾਇਟੀਸ਼ਨਾਂ ਦੇ ਸਟਾਫ ਵਾਲੀ ਮੁਫਤ, 24 ਘੰਟੇ ਟੈਲੀਫੋਨ ਸਰਵਿਸ ਲਈ 8-1-1 ਨੂੰ ਫੋਨ ਕਰੋ (ਜੇ ਤੁਹਾਨੂੰ ਉੱਚਾ ਸੁਣਦਾ ਹੈ ਤਾਂ 7-1-1 ਨੂੰ ਫੋਨ ਕਰੋ)। ਹੈਲਥਲਿੰਕ ਬੀ ਸੀ ਇਹ ਪਤਾ ਲਾਉਣ ਲਈ ਤੁਹਾਡੇ ਨਾਲ ਕੰਮ ਕਰੇਗੀ ਕਿ ਕੀ ਤੁਹਾਡੇ ਇਲਾਕੇ ਵਿਚ ਫਿਜ਼ੀਸ਼ਨ ਅਟੈਚਮੈਂਟ ਸਰਵਿਸ ਹੈ।
  • ਆਪਣੇ ਪਰਿਵਾਰ ਜਾਂ ਦੋਸਤਾਂ ਨੂੰ ਕਹੋ ਕਿ ਉਹ ਤੁਹਾਨੂੰ ਆਪਣੇ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਨਾਲ ਮਿਲਾਵੇ। ਕਦੇ ਕਦੇ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਤੁਹਾਨੂੰ ਮੌਜੂਦਾ ਮਰੀਜ਼ ਦੇ ਕਹਿਣ `ਤੇ ਲੈ ਸਕਦੇ ਹਨ।
  • ਜੇ ਤੁਸੀਂ ਕਿਸੇ ਹੋਰ ਹੈਲਥ ਕੇਅਰ ਪ੍ਰੋਵਾਈਡਰ ਕੋਲ ਜਾ ਰਹੇ ਹੋਵੋ, ਜਿਵੇਂ ਕਿ ਕੋਈ ਸਪੈਸ਼ਲਿਸਟ ਤਾਂ ਉਨ੍ਹਾਂ ਨੂੰ ਪੁੱਛੋ ਕਿ ਕੀ ਉਹ ਕਿਸੇ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਨੂੰ ਜਾਣਦੇ ਹਨ ਜੋ ਮਰੀਜ਼ ਲੈ ਰਿਹਾ ਹੈ।
  • ਜੇ ਤੁਸੀਂ ਵਾਕ-ਇਨ ਕਲੀਨਿਕ ਜਾ ਰਹੇ ਹੋਵੋ ਤਾਂ ਡਾਕਟਰ ਨੂੰ ਪੁੱਛੋ ਕਿ ਕੀ ਉਹ ਤੁਹਾਨੂੰ ਮਰੀਜ਼ ਵਜੋਂ ਲੈਣ ਦੇ ਖਾਹਸ਼ਮੰਦ ਹੋਣਗੇ।

ਵਾਕ-ਇਨ ਕਲੀਨਿਕ, ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ ਅਤੇ ਵਰਚੂਅਲ ਕੇਅਰ

ਜੇ ਤੁਹਾਡੇ ਕੋਲ ਅਜੇ ਕੇਅਰ ਪ੍ਰੋਵਾਈਡਰ (ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ) ਨਹੀਂ ਹੈ, ਜਾਂ ਜੇ ਤੁਹਾਨੂੰ ਆਪਣੇ ਕੇਅਰ ਪ੍ਰੋਵਾਈਡਰ ਨਾਲ ਅਪੌਂਇੰਟਮੈਂਟ ਨਾ ਮਿਲ ਸਕੇ ਤਾਂ ਤੁਸੀਂ ਕਿਸੇ ਵਾਕ-ਇਨ ਕਲੀਨਿਕ ਜਾਂ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (ਯੂ ਪੀ ਸੀ ਸੀ) ਵਿਚ ਜਾਣ ਦੇ ਯੋਗ ਹੋ ਸਕਦੇ ਹੋ। ਯੂ ਪੀ ਸੀ ਸੀ ਵਿਚ ਹੈਲਥ ਕੇਅਰ ਪ੍ਰੋਵਾਈਡਰਜ਼ ਦੀ ਇਕ ਟੀਮ ਮਰੀਜ਼ `ਤੇ ਕੇਂਦਰਿਤ ਇਲਾਜ ਕਰਦੀ ਹੈ, ਜਿਸ ਵਿਚ ਫੈਮਿਲੀ ਡਾਕਟਰ, ਰਜਿਸਟਰਡ ਨਰਸਾਂ, ਨਰਸ ਪ੍ਰੈਕਟੀਸ਼ਨਰਜ਼, ਸੋਸ਼ਲ ਵਰਕਰ ਅਤੇ ਕਲੈਰੀਕਲ ਸਟਾਫ ਸ਼ਾਮਲ ਹਨ। ਇਹ ਉਨ੍ਹਾਂ ਲੋਕਾਂ ਲਈ ਹਨ ਜਿਨ੍ਹਾਂ ਨੂੰ ਕੋਈ ਅਰਜੈਂਟ ਪਰ ਜ਼ਿੰਦਗੀ ਨੂੰ ਖਤਰੇ ਵਿਚ ਨਾ ਪਾਉਣ ਵਾਲੀ ਸੱਟ ਅਤੇ/ਜਾਂ ਬੀਮਾਰੀ ਹੁੰਦੀ ਹੈ, ਅਤੇ ਉਨ੍ਹਾਂ ਨੂੰ 12-24 ਘੰਟਿਆਂ ਵਿਚ ਕਿਸੇ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਵਲੋਂ ਦੇਖੇ ਜਾਣ ਦੀ ਲੋੜ ਹੁੰਦੀ ਹੈ। ਉਨ੍ਹਾਂ ਸੱਟਾਂ/ਬੀਮਾਰੀਆਂ ਦੀਆਂ ਕੁਝ ਉਦਾਹਰਣਾਂ ਇਹ ਹਨ ਜਿਨ੍ਹਾਂ ਦਾ ਇਲਾਜ ਯੂ ਪੀ ਸੀ ਸੀ ਵਿਖੇ ਕੀਤਾ ਜਾ ਸਕਦਾ ਹੈ: ਮੋਚਾਂ ਅਤੇ ਖਿੱਚਾਂ, ਜ਼ਿਆਦਾ ਬੁਖਾਰ, ਵਧ ਰਹੀ ਕੋਈ ਪੁਰਾਣੀ ਬੀਮਾਰੀ, ਮਾਮੂਲੀ ਇਨਫੈਕਸ਼ਨਾਂ, ਅਤੇ ਨਵੀਂ ਜਾਂ ਵਧ ਰਹੀ ਦਰਦ। ਯੂ ਪੀ ਸੀ ਸੀ, ਟੀਮ-ਆਧਾਰਿਤ, ਰੋਜ਼ਮਰਾ ਦੀ ਹੈਲਥ ਕੇਅਰ ਪ੍ਰਦਾਨ ਕਰਦੇ ਹਨ। ਉਹ ਉਦੋਂ ਅਰਜੈਂਟ ਕੇਅਰ ਪ੍ਰਦਾਨ ਕਰਦੇ ਹਨ ਜਦੋਂ ਤੁਸੀਂ ਆਪਣੇ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਕੋਲ ਜਾਣ ਦੇ ਅਯੋਗ ਹੁੰਦੇ ਹੋ ਅਤੇ ਤੁਹਾਡੀ ਸੱਟ/ਬੀਮਾਰੀ ਲਈ ਐਮਰਜੰਸੀ ਵਿਚ ਇਲਾਜ ਦੀ ਲੋੜ ਨਹੀਂ ਹੁੰਦੀ। 

ਆਪਣੇ ਨੇੜੇ ਕੋਈ ਵਾਕ-ਇਨ ਕਲੀਨਿਕ ਜਾਂ ਯੂ ਪੀ ਸੀ ਸੀ ਲੱਭਣ ਲਈ ਹੈਲਥਲਿੰਕ ਬੀ ਸੀ ਨੂੰ 8-1-1 `ਤੇ ਫੋਨ ਕਰੋ। ਕੁਝ ਕਲੀਨਿਕ ਲੇਟ ਤੱਕ ਖੁੱਲ੍ਹਦੇ ਹਨ ਅਤੇ ਬਹੁਤੇ ਹਫਤੇ ਦੇ ਸੱਤੇ ਦਿਨ ਖੁੱਲ੍ਹੇ ਹੁੰਦੇ ਹਨ।

ਪਬਲਿਕ ਹੈਲਥ

ਵੀ ਸੀ ਐੱਚ ਪਬਲਿਕ ਹੈਲਥ ਬੀਮਾਰੀਆਂ ਤੋਂ ਰੋਕਥਾਮ, ਸਮੁੱਚੇ ਤੌਰ `ਤੇ ਆਬਾਦੀ ਦੀ ਸਿਹਤ ਨੂੰ ਉਤਸ਼ਾਹ ਦੇ ਕੇ ਅਤੇ ਜ਼ਿੰਦਗੀ ਨੂੰ ਲੰਮੀ ਕਰਨ ਰਾਹੀਂ ਵਸਨੀਕਾਂ ਦੀ ਸਿਹਤ ਅਤੇ ਤੰਦਰੁਸਤੀ ਵਿਚ ਸੁਧਾਰ ਕਰਨ ਲਈ ਕੰਮ ਕਰਦੀ ਹੈ।  ਸਾਡੇ ਇਲਾਕੇ ਭਰ ਵਿਚ ਪਬਲਿਕ ਹੈਲਥ ਯੂਨਿਟਾਂ ਵਿਚ ਦਿੱਤੇ ਜਾਂਦੇ ਪ੍ਰੋਗਰਾਮਾਂ ਵਿਚ ਇਹ ਸ਼ਾਮਲ ਹਨ: 

  • ਛੇ ਸਾਲ ਦੀ ਉਮਰ ਤੱਕ ਦੇ ਬੱਚਿਆਂ ਲਈ ਵਾਧੇ ਅਤੇ ਵਿਕਾਸ ਵਿਚ ਮਦਦ
  • ਆਡੀਓਲੋਜੀ (ਸੁਣਨ-ਸ਼ਕਤੀ)
  • ਡੈਂਟਲ (ਦੰਦਾਂ ਦੀ ਸੰਭਾਲ)
  • ਵਿਜ਼ਨ (ਨਿਗ੍ਹਾ)
  • ਸਪੀਚ ਐਂਡ ਲੈਂਗੂਏਜ ਪੈਥੌਲੋਜੀ
  • ਸਾਰੀਆਂ ਉਮਰਾਂ ਲਈ ਵੈਕਸੀਨਾਂ
  • ਸਕੂਲ ਵਿਚ ਕਿੰਡਰਗਾਰਟਨ ਤੋਂ ਲੈ ਕੇ ਗਰੇਡ 12 ਵਿਚਲੇ ਬੱਚਿਆਂ ਲਈ ਸਿਹਤ ਅਤੇ ਤੰਦਰੁਸਤੀ ਵਿਚ ਮਦਦ
  • ਯੂਥ ਕਲੀਨਿਕ

ਆਮ ਪੁੱਛੇ ਜਾਣ ਵਾਲੇ ਸਵਾਲ

  • ਜੇ ਮੈਨੂੰ ਆਪਣੀ ਮੈਡੀਕਲ ਅਪੌਂਇੰਟਮੈਂਟ `ਤੇ ਬੋਲੀ ਦੀ ਮਦਦ ਚਾਹੀਦੀ ਹੋਵੇ ਤਾਂ ਕੀ ਹੋਵੇਗਾ?

    • ਜੇ ਤੁਹਾਨੂੰ ਕਿਸੇ ਮੈਡੀਕਲ ਅਪੌਂਇੰਟਮੈਂਟ `ਤੇ ਬੋਲੀ ਦੀ ਮਦਦ ਚਾਹੀਦੀ ਹੋਵੇ ਤਾਂ ਤੁਹਾਡੀਆਂ ਇਲਾਜ ਦੀਆਂ ਲੋੜਾਂ ਲਈ ਦੋਭਾਸ਼ੀਏ ਦੀਆਂ ਸੇਵਾਵਾਂ ਉਪਲਬਧ ਹਨ। ਤੁਸੀਂ ਆਪਣੇ ਡਾਕਟਰ, ਨਰਸ ਪ੍ਰੈਕਟੀਸ਼ਨਰ ਜਾਂ ਮਿਡਵਾਈਫ ਨੂੰ ਆਪਣੇ ਲਈ ਦੋਭਾਸ਼ੀਏ ਦੀ ਸਰਵਿਸ (ਇੰਟਰਪਰੇਟਰ ਸਰਵਿਸ) ਬੁੱਕ ਕਰਨ ਲਈ ਕਹਿ ਸਕਦੇ ਹੋ।
    • ਸਿਹਤ ਲਈ ਜਾਣਕਾਰੀ ਦੀਆਂ ਸੇਵਾਵਾਂ ਅੰਗਰੇਜ਼ੀ ਤੋਂ ਬਿਨਾਂ ਕਿਸੇ ਹੋਰ ਜ਼ਬਾਨ ਵਿਚ ਲੈਣ ਲਈ ਤੁਸੀਂ ਹੈਲਥਲਿੰਕ ਬੀ ਸੀ ਨੂੰ ਵੀ 8-1-1 `ਤੇ ਫੋਨ ਕਰ ਸਕਦੇ ਹੋ। ਦੋਭਾਸ਼ੀਏ ਦੀਆਂ ਸੇਵਾਵਾਂ 130 ਨਾਲੋਂ ਜ਼ਿਆਦਾ ਜ਼ਬਾਨਾਂ ਵਿਚ ਉਪਲਬਧ ਹਨ 8-1-1 ਡਾਇਲ ਕਰਨ ਤੋਂ ਬਾਅਦ, ਤੁਹਾਨੂੰ ਅੰਗਰੇਜ਼ੀ ਬੋਲਣ ਵਾਲੇ ਹੈਲਥ ਸਰਵਿਸ ਨੈਵੀਗੇਟਰ ਨਾਲ ਜੋੜਿਆ ਜਾਵੇਗਾ। ਕਿਸੇ ਹੋਰ ਜ਼ਬਾਨ ਵਿਚ ਸਰਵਿਸ ਲੈਣ ਲਈ, ਸਿਰਫ ਆਪਣੀ ਜ਼ਬਾਨ ਦਾ ਨਾਂ ਬੋਲੋ (ਉਦਾਹਰਣ ਲਈ, “ਪੰਜਾਬੀ” ਕਹੋ) ਅਤੇ ਇਕ ਦੋਭਾਸ਼ੀਆ (ਇੰਟਰਪਰੇਟਰ) ਫੋਨ `ਤੇ ਨਾਲ ਸ਼ਾਮਲ ਹੋ ਜਾਵੇਗਾ। 
  • ਮੈਂ ਐਂਬੂਲੈਂਸ ਕਿਵੇਂ ਸੱਦਣੀ ਹੈ?

    • ਜੇ ਤੁਹਾਨੂੰ ਕੋਈ ਮੈਡੀਕਲ ਐਮਰਜੰਸੀ ਆ ਜਾਵੇ ਅਤੇ ਤੁਸੀਂ ਆਪ ਹਸਪਤਾਲ ਨਾ ਜਾ ਸਕਦੇ ਹੋਵੋ ਤਾਂ ਤੁਸੀਂ ਐਂਬੂਲੈਂਸ ਸੱਦ ਸਕਦੇ ਹੋ। ਬਹੁਤੀਆਂ ਥਾਂਵਾਂ ਵਿਚ, ਫੋਨ ਨੰਬਰ 9-1-1 ਹੈ। ਛੋਟੇ ਸ਼ਹਿਰਾਂ ਵਿਚ ਕੋਈ ਵੱਖਰਾ ਫੋਨ ਨੰਬਰ ਹੋ ਸਕਦਾ ਹੈ। ਆਪਣੀ ਟੈਲੀਫੋਨ ਬੁੱਕ ਦੇ ਮੂਹਰਲੇ ਸਫਿਆਂ ਵਿਚ ਨੰਬਰ ਚੈੱਕ ਕਰੋ ਜਾਂ ਆਪਣੇ ਲੋਕਲ ਪੁਲੀਸ ਡਿਪਾਰਟਮੈਂਟ ਨੂੰ ਪੁੱਛੋ। ਤੁਹਾਨੂੰ ਐਮਰਜੰਸੀ ਨੰਬਰ ਲਿਖ ਲੈਣੇ ਅਤੇ ਸੇਵ ਕਰ ਲੈਣੇ ਚਾਹੀਦੇ ਹਨ। 
    • ਜਦੋਂ ਤੁਸੀਂ ਐਮਰਜੰਸੀ ਨੰਬਰ `ਤੇ ਫੋਨ ਕਰਦੇ ਹੋ ਤਾਂ ਓਪਰੇਟਰ ਤੁਹਾਨੂੰ ਇਹ ਪੁੱਛੇਗਾ ਕਿ ਕੀ ਤੁਸੀਂ ਪੁਲੀਸ, ਫਾਇਰ ਜਾਂ ਐਂਬੂਲੈਂਸ ਚਾਹੁੰਦੇ ਹੋ। ਐਂਬੂਲੈਂਸ ਲਈ ਕਹੋ। ਓਪਰੇਟਰ ਤੁਹਾਡੀ ਸਿਹਤ ਬਾਰੇ ਸਵਾਲ ਪੁੱਛੇਗਾ। ਉਹ ਤੁਹਾਨੂੰ ਫੋਨ ਉੱਪਰ ਵੀ ਮੈਡੀਕਲ ਹਿਦਾਇਤਾਂ ਦੇ ਸਕਦੇ ਹਨ। ਜੇ ਐਂਬੂਲੈਂਸ ਭੇਜੀ ਜਾਂਦੀ ਹੈ ਤਾਂ ਪੈਰਾਮੈਡਿਕਸ ਤੁਹਾਡੇ ਵੱਲ ਧਿਆਨ ਦੇਣਗੇ। 
    • ਐੱਮ ਐੱਸ ਪੀ ਐਂਬੂਲੈਂਸ ਰਾਹੀਂ ਹਸਪਤਾਲ ਜਾਣ ਦਾ ਪੂਰਾ ਖਰਚਾ ਕਵਰ ਨਹੀਂ ਕਰਦੀ। ਤੁਹਾਨੂੰ ਕੁਝ ਖਰਚਾ ਦੇਣਾ ਪਵੇਗਾ। ਤੁਹਾਨੂੰ ਇਹ ਖਰਚਾ ਫੌਰਨ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਤੁਹਾਨੂੰ ਬਿੱਲ ਬਾਅਦ ਵਿਚ ਭੇਜਿਆ ਜਾਵੇਗਾ। ਜੇ ਤੁਹਾਡੀ ਘੱਟ ਆਮਦਨ ਹੈ ਤਾਂ ਤੁਹਾਨੂੰ ਮਦਦ ਮਿਲ ਸਕਦੀ ਹੈ। 
  • ਜੇ ਮੇਰਾ ਫੈਮਿਲੀ ਡਾਕਟਰ/ਨਰਸ ਪ੍ਰੈਕਟੀਸ਼ਨਰ ਉਪਲਬਧ ਨਾ ਹੋਣ ਤਾਂ ਮੈਂ ਕੀ ਕਰਨਾ ਹੈ?

    • ਜੇ ਤੁਹਾਡੀ ਕੋਈ ਅਹਿਮ ਸਿਹਤ ਸਮੱਸਿਆ ਹੈ ਅਤੇ ਤੁਹਾਡਾ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਉਪਲਬਧ ਨਹੀਂ ਹਨ ਤਾਂ ਤੁਸੀਂ ਕਿਸੇ ਵਾਕ-ਇਨ ਕਲੀਨਿਕ ਵਿਚ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਨੂੰ ਦੇਖ ਸਕਦੇ ਹੋ ਜਾਂ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (ਯੂ ਪੀ ਸੀ ਸੀ) ਨੂੰ ਜਾ ਸਕਦੇ ਹੋ। 
    • ਯੂ ਪੀ ਸੀ ਸੀ ਦਾ ਮਕਸਦ, ਸਿਹਤ ਸਮੱਸਿਆਵਾਂ ਲਈ ਕਿਸੇ ਵਿਅਕਤੀ ਦਾ ਸੰਪਰਕ ਦਾ ਪਹਿਲਾ ਪੋਆਇੰਟ ਬਣਨ ਵਜੋਂ ਫੈਮਿਲੀ ਡਾਕਟਰਾਂ ਦੀ ਥਾਂ ਲੈਣਾ ਨਹੀਂ ਹੈ, ਅਤੇ ਨਾ ਹੀ ਇਹ ਜ਼ਿੰਦਗੀ ਨੂੰ ਖਤਰੇ ਵਿਚ ਪਾਉਣ ਵਾਲੀਆਂ ਬੀਮਾਰੀਆਂ ਜਾਂ ਸੱਟਾਂ ਲਈ ਐਮਰਜੰਸੀ ਡਿਪਾਰਟਮੈਂਟ ਦੀ ਥਾਂ ਲਵੇਗਾ। ਇਸ ਦਾ ਮਕਸਦ, ਇਲਾਕੇ ਵਿਚ ਮਰੀਜ਼ਾਂ ਨੂੰ ਉਦੋਂ ਢੁਕਵੀਂਆਂ ਜ਼ਰੂਰੀ ਸੇਵਾਵਾਂ ਦੇਣ ਲਈ ਇਕ ਵਾਧੂ ਸਰਵਿਸ ਹੋਣਾ ਹੈ, ਜਦੋਂ ਅਤੇ ਜਿੱਥੇ ਉਨ੍ਹਾਂ ਨੂੰ ਲੋੜ ਹੁੰਦੀ ਹੈ।
    • ਇਹ ਸੇਵਾਵਾਂ ਪਹਿਲਾਂ ਆਉ, ਪਹਿਲਾਂ ਲਉ ਦੇ ਆਧਾਰ `ਤੇ ਦਿੱਤੀਆਂ ਜਾਂਦੀਆਂ ਹਨ, ਇਸ ਕਰਕੇ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਨੂੰ ਦੇਖਣ ਲਈ ਤੁਹਾਨੂੰ ਉਡੀਕ ਕਰਨੀ ਪੈ ਸਕਦੀ ਹੈ।
  • ਮੈਨੂੰ ਇਹ ਕਿਵੇਂ ਪਤਾ ਲੱਗਦਾ ਹੈ ਕਿ ਕੀ ਮੈਂ ਐਮਰਜੰਸੀ ਡਿਪਾਰਟਮੈਂਟ ਨੂੰ ਜਾਣਾ ਹੈ ਜਾਂ ਕਿਸੇ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ (ਯੂ ਪੀ ਸੀ ਸੀ) ਨੂੰ ਜਾਣਾ ਹੈ?

    • ਜ਼ਿੰਦਗੀ ਨੂੰ ਖਤਰੇ ਵਿਚ ਪਾਉਣ ਵਾਲੀਆਂ ਬੀਮਾਰੀਆਂ ਜਾਂ ਸੱਟਾਂ ਲਈ, ਫੌਰਨ ਚੈੱਕ ਅਤੇ ਇਲਾਜ ਕੀਤੇ ਜਾਣ ਲਈ 9-1-1  ਨੂੰ ਫੋਨ ਕਰੋ ਜਾਂ ਜਾਂ ਐਮਰਜੰਸੀ ਡਿਪਾਰਟਮੈਂਟ ਨੂੰ ਜਾਉ। ਇਸ ਵਿਚ ਸਟਰੋਕ ਜਾਂ ਹਾਰਟ ਅਟੈਕ ਹੋਣ ਦਾ ਸ਼ੱਕ ਹੋਣਾ, ਜ਼ਹਿਰ ਚੜ੍ਹਨਾ ਜਾਂ ਓਵਰਡੋਜ਼ ਹੋਣਾ, ਕੋਈ ਵੱਡਾ ਜ਼ਖ਼ਮ, ਸਿਰ ਵਿਚ ਸੱਟ ਨਾਲ ਬੇਹੋਸ਼ੀ, ਆਦਿ ਸ਼ਾਮਲ ਹਨ। 
    • ਯੂ ਪੀ ਸੀ ਸੀ ਵਿਚ ਹੈਲਥ ਕੇਅਰ ਪ੍ਰੋਵਾਈਡਰਜ਼ ਦੀ ਇਕ ਟੀਮ ਮਰੀਜ਼ `ਤੇ ਕੇਂਦਰਿਤ ਇਲਾਜ ਕਰਦੀ ਹੈ, ਜਿਸ ਵਿਚ ਫੈਮਿਲੀ ਡਾਕਟਰ, ਰਜਿਸਟਰਡ ਨਰਸਾਂ, ਨਰਸ ਪ੍ਰੈਕਟੀਸ਼ਨਰਜ਼, ਸੋਸ਼ਲ ਵਰਕਰ ਅਤੇ ਕਲੈਰੀਕਲ ਸਟਾਫ ਸ਼ਾਮਲ ਹਨ। ਇਹ ਉਨ੍ਹਾਂ ਲੋਕਾਂ ਲਈ ਹਨ ਜਿਨ੍ਹਾਂ ਨੂੰ ਕੋਈ ਅਰਜੈਂਟ ਪਰ ਜ਼ਿੰਦਗੀ ਨੂੰ ਖਤਰੇ ਵਿਚ ਨਾ ਪਾਉਣ ਵਾਲੀ ਸੱਟ ਅਤੇ/ਜਾਂ ਬੀਮਾਰੀ ਹੁੰਦੀ ਹੈ, ਅਤੇ ਉਨ੍ਹਾਂ ਨੂੰ 12-24 ਘੰਟਿਆਂ ਵਿਚ ਕਿਸੇ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਵਲੋਂ ਦੇਖੇ ਜਾਣ ਦੀ ਲੋੜ ਹੁੰਦੀ ਹੈ।
    • ਉਨ੍ਹਾਂ ਸੱਟਾਂ/ਬੀਮਾਰੀਆਂ ਦੀਆਂ ਕੁਝ ਉਦਾਹਰਣਾਂ ਇਹ ਹਨ ਜਿਨ੍ਹਾਂ ਦਾ ਇਲਾਜ ਯੂ ਪੀ ਸੀ ਸੀ ਵਿਖੇ ਕੀਤਾ ਜਾ ਸਕਦਾ ਹੈ: ਮੋਚਾਂ ਅਤੇ ਖਿੱਚਾਂ, ਜ਼ਿਆਦਾ ਬੁਖਾਰ, ਵਧ ਰਹੀ ਕੋਈ ਪੁਰਾਣੀ ਬੀਮਾਰੀ, ਮਾਮੂਲੀ ਇਨਫੈਕਸ਼ਨਾਂ, ਅਤੇ ਨਵੀਂ ਜਾਂ ਵਧ ਰਹੀ ਦਰਦ। ਉਹ ਉਦੋਂ ਅਰਜੈਂਟ ਕੇਅਰ ਪ੍ਰਦਾਨ ਕਰਦੇ ਹਨ ਜਦੋਂ ਤੁਸੀਂ ਆਪਣੇ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਕੋਲ ਜਾਣ ਦੇ ਅਯੋਗ ਹੁੰਦੇ ਹੋ ਅਤੇ ਤੁਹਾਡੀ ਸੱਟ/ਬੀਮਾਰੀ ਲਈ ਐਮਰਜੰਸੀ ਵਿਚ ਇਲਾਜ ਦੀ ਲੋੜ ਨਹੀਂ ਹੁੰਦੀ। 
  • ਮੈਂ ਦਵਾਈਆਂ ਖਰੀਦਣ ਕਿੱਥੇ ਜਾਣਾ ਹੈ?

    • ਕੁਝ ਦਵਾਈਆਂ ਅਜਿਹੀਆਂ ਹਨ ਜਿਹੜੀਆਂ ਤੁਸੀਂ ਸਿਰਫ ਤਾਂ ਹੀ ਖਰੀਦ ਸਕਦੇ ਹੋ ਜੇ ਤੁਹਾਡੇ ਕੋਲ ਪ੍ਰਿਸਕ੍ਰਿਪਸ਼ਨ (ਡਾਕਟਰ ਦੀ ਪਰਚੀ) ਹੋਵੇ। ਪ੍ਰਿਸਕ੍ਰਿਪਸ਼ਨਜ਼ ਕਿਸੇ ਡਾਕਟਰ ਜਾਂ ਹੋਰ ਮੈਡੀਕਲ ਵਿਅਕਤੀ ਵਲੋਂ ਲਿਖੀਆਂ ਜਾਣੀਆਂ ਜ਼ਰੂਰੀ ਹਨ (ਜਿਵੇਂ ਕਿ ਮਿਡਵਾਈਫ ਜਾਂ ਨਰਸ ਪ੍ਰੈਕਟੀਸ਼ਨਰ)। ਤੁਸੀਂ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਕਿਸੇ ਫਾਰਮੇਸੀ (ਡਰੱਗ ਸਟੋਰ) ਤੋਂ ਖਰੀਦ ਸਕਦੇ ਹੋ। ਗਰੌਸਰੀ ਦੇ ਕੁਝ ਸਟੋਰਾਂ ਵਿਚ ਫਾਰਮੇਸੀਆਂ ਹਨ। ਫਾਰਮੇਸੀ ਨੂੰ ਜਾਣ ਵੇਲੇ ਆਪਣੀ ਪ੍ਰਿਸਕ੍ਰਿਪਸ਼ਨ ਆਪਣੇ ਨਾਲ ਲੈ ਕੇ ਜਾਉ। ਪ੍ਰਿਸਕ੍ਰਿਪਸ਼ਨ ਫਾਰਮਾਸਿਸਟ ਨੂੰ ਇਹ ਦੱਸਦੀ ਹੈ ਕਿ ਤੁਹਾਨੂੰ ਕਿਹੜੀ ਦਵਾਈ ਦੀ, ਅਤੇ ਕਿੰਨੀ ਮਾਤਰਾ ਵਿਚ ਲੋੜ ਹੈ। ਫਾਰਮਾਸਿਸਟ ਤੁਹਾਨੂੰ ਇਹ ਦੱਸੇਗਾ ਕਿ ਤੁਹਾਡੇ ਲਈ ਕਿੰਨੀ ਵਾਰੀ ਅਤੇ ਕਿੰਨੇ ਲੰਮੇ ਸਮੇਂ ਲਈ ਦਵਾਈ ਲੈਣਾ ਜ਼ਰੂਰੀ ਹੈ। 
    • ਤੁਸੀਂ ਆਪਣੇ ਨੇੜੇ ਕੋਈ ਫਾਰਮੇਸੀ ਲੱਭਣ ਲਈ ਔਨਲਾਈਨ ਸਰਚ ਕਰ ਸਕਦੇ ਹੋ, ਹੈਲਥਲਿੰਕ ਬੀ ਸੀ ਨੂੰ 8-1-1 `ਤੇ ਫੋਨ ਕਰ ਸਕਦੇ ਹੋ ਜਾਂ ਹੈਲਥਲਿੰਕ ਬੀ ਸੀ ਵੈੱਬਸਾਈਟ ਜਾਂ ਬੀ ਸੀ ਹੈਲਥ ਸਰਵਿਸਿਜ਼ ਲੋਕੇਟਰ ਐਪ ਵਰਤ ਸਕਦੇ ਹੋ। 
    • ਤੁਸੀਂ ਕੁਝ ਦਵਾਈਆਂ ਪ੍ਰਿਸਕ੍ਰਿਪਸ਼ਨ (ਡਾਕਟਰ ਦੀ ਪਰਚੀ) ਤੋਂ ਬਿਨਾਂ ਖਰੀਦ ਸਕਦੇ ਹੋ। ਉਨ੍ਹਾਂ ਨੂੰ ਨੌਨ-ਪ੍ਰਿਸਕ੍ਰਿਪਸ਼ਨ ਜਾਂ ਓਵਰ-ਦਿ-ਕਾਊਂਟਰ ਡਰੱਗਜ਼ ਕਿਹਾ ਜਾਂਦਾ ਹੈ। ਇਹ ਆਮ ਤੌਰ `ਤੇ ਘੱਟ ਗੰਭੀਰ ਸਮੱਸਿਆਵਾਂ ਲਈ ਹੁੰਦੀਆਂ ਹਨ, ਜਿਵੇਂ ਕਿ ਸਿਰਦਰਦ, ਜ਼ੁਕਾਮ ਜਾਂ ਅਲਰਜੀਆਂ ਜੇ ਕਾਊਂਟਰ ਤੋਂ ਮਿਲਣ ਵਾਲੀਆਂ ਦਵਾਈਆਂ ਬਾਰੇ ਤੁਹਾਡੇ ਕੋਈ ਸਵਾਲ ਹੋਣ ਤਾਂ ਫਾਰਮਾਸਿਸਟ ਤੋਂ ਪੁੱਛੋ। ਤੁਸੀਂ ਹੈਲਥਲਿੰਕ ਬੀ ਸੀ ਨੂੰ ਵੀ 8-1-1 `ਤੇ ਫੋਨ ਕਰ ਸਕਦੇ ਹੋ ਅਤੇ ਕਿਸੇ ਫਾਰਮਾਸਿਸਟ ਨਾਲ ਗੱਲ ਕਰਨ ਲਈ ਕਹਿ ਸਕਦੇ ਹੋ।  
  • ਮੈਂ ਕਿਸੇ ਸਪੈਸ਼ਲਿਸਟ ਨੂੰ ਕਿਵੇਂ ਦੇਖਣਾ ਹੈ?

    ਅਪੌਂਇੰਟਮੈਂਟ ਲਈ ਤੁਹਾਨੂੰ ਤੁਹਾਡੇ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਵਲੋਂ ਦੇਖੇ ਜਾਣਾ ਜ਼ਰੂਰੀ ਹੈ। ਜੇ ਇਸ ਦੀ ਲੋੜ ਹੋਵੇ ਤਾਂ ਤੁਹਾਡੇ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਵਲੋਂ ਸਪੈਸ਼ਲਿਸਟ ਨੂੰ ਰੈਫਰਲ ਭੇਜੀ ਜਾਂਦੀ ਹੈ।

  • ਜੇ ਮੇਰੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਵੈਕਸੀਨਾਂ ਦੀ ਲੋੜ ਹੋਵੇ ਤਾਂ ਮੈਂ ਕਿੱਥੇ ਜਾਣਾ ਹੈ?

    • ਵੈਕਸੀਨਾਂ (ਲੋਦੇ) ਹੈਲਥ ਕੇਅਰ ਵਿਚ ਇਕ ਮਹੱਤਵਪੂਰਨ ਸਾਧਨ ਹਨ ਜੋ ਕਿ ਸਾਨੂੰ ਕਈ ਗੰਭੀਰ ਅਤੇ ਸੰਭਵ ਤੌਰ `ਤੇ ਮਾਰੂ ਇਨਫੈਕਸ਼ਨਾਂ ਅਤੇ ਬੀਮਾਰੀਆਂ ਦੇ ਅਸਰਾਂ ਤੋਂ ਬਚਾਉਂਦੀਆਂ ਹਨ। ਵੀ ਸੀ ਐੱਚ ਦੇ ਪਬਲਿਕ ਹੈਲਥ ਯੂਨਿਟਾਂ ਤੋਂ ਜਾਂ ਜਨਰਲ ਪ੍ਰੈਕਟੀਸ਼ਨਰ ਤੋਂ ਬੱਚਿਆਂ ਅਤੇ ਬਾਲਗਾਂ ਲਈ ਨੇਮ ਨਾਲ ਲੱਗਣ ਵਾਲੀਆਂ ਵੈਕਸੀਨਾਂ ਲਉ। ਵੈਕਸੀਨਾਂ ਬਾਰੇ ਜ਼ਿਆਦਾ ਜਾਣੋ।
  • ਜੇ ਮੈਂ ਬੀ.ਸੀ. ਤੋਂ ਬਾਹਰ ਸਫ਼ਰ ਕਰਨਾ ਹੈ ਤਾਂ ਕੀ ਮੈਨੂੰ ਵਾਧੂ ਹੈਲਥ ਇਨਸ਼ੋਰੈਂਸ ਦੀ ਲੋੜ ਹੈ?

     

Resources

    • ਵੈਲਕਮ ਬੀ ਸੀ

      ਵੈਲਕਮ ਬੀ ਸੀ, ਬੀ.ਸੀ. ਦੇ ਨਵੇਂ ਵਸਨੀਕਾਂ ਲਈ ਫਾਇਦੇਮੰਦ ਜਾਣਕਾਰੀ, ਟੂਲਜ਼ ਅਤੇ ਵਸੀਲੇ ਦਿੰਦਾ ਹੈ।

    • 211 ਬ੍ਰਿਟਿਸ਼ ਕੋਲੰਬੀਆ

      211 ਬ੍ਰਿਟਿਸ਼ ਕੋਲੰਬੀਆ ਇਕ ਮੁਫਤ, ਗੁਪਤ, ਬਹੁਭਾਸ਼ਾਈ ਸਰਵਿਸ ਹੈ ਜਿਹੜੀ ਲੋਕਾਂ ਨੂੰ, ਜਿੱਥੇ ਅਤੇ ਜਦੋਂ ਲੋੜ ਪੈਣ `ਤੇ ਮਦਦ ਲਈ ਵਸੀਲਿਆਂ ਨਾਲ ਜੋੜਦੀ ਹੈ।

    • ਸਕਸੈੱਸ

      ਸਕਸੈੱਸ ਕੈਨੇਡਾ ਵਿਚਲੀਆਂ ਸਭ ਤੋਂ ਵੱਡੀਆਂ ਸਮਾਜਿਕ ਸੇਵਾਵਾਂ ਦੀਆਂ ਏਜੰਸੀਆਂ ਵਿੱਚੋਂ ਇਕ ਹੈ, ਜਿਹੜੀ ਅਜਿਹੇ ਵੱਖ ਵੱਖ ਪ੍ਰੋਗਰਾਮ ਅਤੇ ਸੇਵਾਵਾਂ ਦਿੰਦੀ ਹੈ ਜਿਹੜੇ ਆਪਣੇ ਕੈਨੇਡੀਅਨ ਸਫ਼ਰ `ਤੇ ਸਾਰੇ ਲੋਕਾਂ ਦੀ ਸਾਂਝ, ਭਲਾਈ ਅਤੇ ਆਜ਼ਾਦੀ ਨੂੰ ਉਤਸ਼ਾਹ ਦਿੰਦੀ ਹੈ।

    • ਮੋਜ਼ੇਕ

      ਮੋਜ਼ੇਕ ਕੈਨੇਡਾ ਦੀਆਂ ਸਭ ਤੋਂ ਵੱਡੀਆਂ ਵਸੇਬੇ ਲਈ ਮੁਨਾਫੇ ਤੋਂ ਬਿਨਾਂ ਕੰਮ ਕਰਨ ਵਾਲੀਆਂ ਸੰਸਥਾਵਾਂ ਵਿੱਚੋਂ ਇਕ ਹੈ, ਜਿਹੜੀ ਗਰੇਟਰ ਵੈਨਕੂਵਰ ਅਤੇ ਬੀ.ਸੀ. ਭਰ ਵਿਚ ਇਮੀਗਰਾਂਟਾਂ, ਰਫਿਊਜੀਆਂ ਅਤੇ ਵੱਖ ਵੱਖ ਪਿਛੋਕੜਾਂ ਦੇ ਲੋਕਾਂ ਨੂੰ ਨਵੇਂ ਆਉਣ ਵਾਲਿਆਂ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ।

    • ਇਮੀਗਰਾਂਟ ਸਰਵਿਸਿਜ਼ ਸੁਸਾਇਟੀ ਔਫ ਬੀ ਸੀ (ਆਈ ਐੱਸ ਐੱਸ ਔਫ ਬੀ ਸੀ)

      ਇਮੀਗਰਾਂਟ ਸਰਵਿਸਿਜ਼ ਸੁਸਾਇਟੀ ਔਫ ਬੀ ਸੀ (ਆਈ ਐੱਸ ਐੱਸ ਔਫ ਬੀ ਸੀ) ਇਮੀਗਰਾਂਟਾਂ ਅਤੇ ਰਫਿਊਜੀਆਂ ਲਈ ਕੈਨੇਡਾ ਵਿਚ ਆਪਣੀਆਂ ਨਵੀਂਆਂ ਜ਼ਿੰਦਗੀਆਂ ਸ਼ੁਰੂ ਕਰਨ ਵਾਸਤੇ ਵੱਖ ਵੱਖ ਕਿਸਮਾਂ ਦੀਆਂ ਮਦਦ ਕਰਨ ਵਾਲੀਆ ਸੇਵਾਵਾਂ ਪ੍ਰਦਾਨ ਕਰਦੀ ਹੈ।

    • ਐਸੋਸੀਏਸ਼ਨ ਔਫ ਨੇੱਬਰਹੁੱਡ ਹਾਊਸਿਜ਼ ਬੀ ਸੀ

      ਨੇੱਬਰਹੁੱਡ ਹਾਊਸਿਜ਼ ਅਜਿਹੇ ਪ੍ਰੋਗਰਾਮ ਦਿੰਦੀ ਹੈ ਜਿਹੜੇ ਨਵੇਂ ਆਉਣ ਵਾਲਿਆਂ ਦੀ ਇਲਾਕੇ ਵਿਚ ਕੋਨੈਕਸ਼ਨ ਬਣਾਉਣ ਵਿਚ ਮਦਦ ਕਰਦੇ ਹਨ। ਸੇਵਾਵਾਂ ਕਈ ਜ਼ਬਾਨਾਂ ਵਿਚ ਦਿੱਤੀਆਂ ਜਾਂਦੀਆਂ ਹਨ ਅਤੇ ਇਹ ਕੌਂਸਲਿੰਗ ਅਤੇ ਕਮਿਊਨਟੀ ਵਿਚਲੇ ਪ੍ਰੋਗਰਾਮਾਂ ਤੋਂ ਲੈ ਕੇ ਹੁਨਰ ਉਸਾਰਨ ਦੀਆਂ ਵਰਕਸ਼ਾਪਾਂ ਤੱਕ ਵੱਖ ਵੱਖ ਹੁੰਦੀਆਂ ਹਨ।

    • ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ

      ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦਾ ਵੈੱਬਸਾਈਟ ਮੈਡੀਕਲ ਸਰਵਿਸਿਜ਼ ਪਲੈਨ (ਐੱਮ ਐੱਸ ਪੀ) ਬਾਰੇ ਜ਼ਿਆਦਾ ਜਾਣਕਾਰੀ ਦਿੰਦਾ ਹੈ ਜਿਸ ਵਿਚ ਹੱਕਦਾਰੀ ਅਤੇ ਇਸ ਵਿਚ ਸ਼ਾਮਲ ਹੋਣ ਬਾਰੇ ਜਾਣਕਾਰੀ ਵੀ ਸ਼ਾਮਲ ਹੈ।

    • ਮਲਟੀਕਲਚਰਲ ਮੈਂਟਲ ਹੈਲਥ ਰੀਸੋਰਸ ਸੈਂਟਰ

      ਮਲਟੀਕਲਚਰਲ ਮੈਂਟਲ ਹੈਲਥ ਰੀਸੋਰਸ ਸੈਂਟਰ, ਮਾਨਸਿਕ ਸਿਹਤ ਦੀਆਂ ਚੁਣੌਤੀਆਂ ਅਤੇ ਇਲਾਜਾਂ ਬਾਰੇ ਕਈ ਜ਼ਬਾਨਾਂ ਵਿਚ ਜਾਣਕਾਰੀ ਦੇਣ ਦੇ ਨਾਲ ਨਾਲ ਇਹ ਜਾਣਕਾਰੀ ਵੀ ਦਿੰਦਾ ਹੈ ਕਿ ਸਭਿਆਚਾਰਕ ਤੌਰ `ਤੇ ਢੁਕਵੀਂਆਂ ਮਾਨਸਿਕ ਸਿਹਤ ਦੀਆਂ ਸੇਵਾਵਾਂ ਕਿਵੇਂ ਲੱਭਣੀਆਂ ਹਨ।